ਪਟਿਆਲਾ, 2 ਅਗਸਤ 2021 – ਪੰਜਾਬ ਦੇ ਜੰਗਲਾਤ ਅਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਭਾਦਸੋਂ ਵਿਖੇ ਨਗਰ ਪੰਚਾਇਤ ਵੱਲੋਂ 1.5 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਜਾਣ ਵਾਲੇ ਬੱਸ ਅੱਡੇ ਦਾ ਨੀਂਹ ਪੱਥਰ ਰੱਖਕੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ।ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਚੋਣ ਮੈਨੀਫੈਸਟੋ ਦੇ 95 ਫੀਸਦੀ ਵਾਅਦੇ ਪੂਰੇ ਕਰਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ।
ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਭਾਦਸੋਂ ਵਾਸੀਆਂ ਦੀ ਕਰੀਬ 40 ਸਾਲ ਪੁਰਾਣੀ ਮੰਗ ਪੂਰੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨਵੇਂ ਬੱਸ ਅੱਡੇ ਦੀ ਉਸਾਰੀ ਦੀ ਪ੍ਰਵਾਨਗੀ ਦੇਕੇ ਲੋੜੀਂਦੇ ਫੰਡ ਜਾਰੀ ਕੀਤੇ ਹਨ।ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਉਸਾਰੀ ਨਗਰ ਪੰਚਾਇਤ ਵੱਲੋਂ ਮਿਥੇ ਸਮੇਂ ਵਿੱਚ ਪੂਰੀ ਕੀਤੀ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਧਰਮਸੋਤ ਨੇ ਪੰਜਾਬ ਵਾਸੀਆਂ ਨੂੰ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਤੇ ਪੂਰੇ ਕੀਤੇ ਚੋਣ ਵਾਅਦਿਆਂ ਕਰਕੇ ਅੱਜ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਕੋਲ ਕੋਈ ਮੁੱਦਾ ਨਹੀਂ ਰਿਹਾ, ਜਿਸ ਕਰਕੇ ਇਹ ਪਾਰਟੀਆਂ ਬੁਖਲਾਹਟ ‘ਚ ਆ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ।
ਧਰਮਸੋਤ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਵਿਕਾਸ ਕਾਰਜਾਂ ਦਾ ਹੀ ਵਿਰੋਧ ਕਰਨ, ਉਹ ਲੋਕਾਂ ਦੇ ਅਤੇ ਦੇਸ਼ ਦੇ ਵਿਰੋਧੀ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਤੋਂ ਹੀ ਕਿਸਾਨਾਂ ਦਾ ਸਾਥ ਦਿੰਦਿਆਂ ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਆਪਣਾ ਵਿਰੋਧ ਪ੍ਰਗਟਾਇਆ ਅਤੇ ਇਸ ਤੋਂ ਅੱਗੇ ਜਾਂਦੇ ਹੋਏ ਪੰਜਾਬ ਵਿਧਾਨ ਸਭਾ ‘ਚ ਇਹ ਕਾਨੂੰਨ ਰੱਦ ਕਰਵਾਏ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੂਪ ‘ਚ ਆਪ ਪਾਰਟੀ ਤੇ ਅਕਾਲੀ ਦਲ ਵਲੋਂ ਵਿਕਾਸ ਕਾਰਜਾਂ ਦੇ ਕੀਤੇ ਜਾ ਰਹੇ ਵਿਰੋਧ ਤੋਂ ਸੂਬੇ ਦੇ ਲੋਕ ਭਲੀ ਭਾਂਤ ਜਾਣੂ ਹਨ।
ਧਰਮਸੋਤ ਨੇ ਹੋਰ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤੇ ਗਏ ਨਾਭਾ ਹਲਕੇ ‘ਚ ਸਭ ਤੋਂ ਵਧ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਕਿਹਾ ਕਿ ਭਾਦਸੋਂ ‘ਚ ਨਵੇਂ ਬਣਾਏ ਗਏ ਕਾਲਜ ਦੀਆਂ ਕਲਾਸਾਂ ਨਾਭਾ ‘ਚ ਲੱਗ ਰਹੀਆਂ ਹਨ ਅਤੇ ਜਲਦੀ ਹੀ ਭਾਦਸੋਂ ਕਾਲਜ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਜਾਣਗੇ।ਇਸ ਤੋਂ ਪਹਿਲਾਂ ਨਗਰ ਪੰਚਾਇਤ ਦੇ ਪ੍ਰਧਾਨ ਚੁੰਨੀ ਲਾਲ ਨੇ ਸ. ਧਰਮਸੋਤ ਦਾ ਸਵਾਗਤ ਕਰਦਿਆਂ ਭਾਦਸੋਂ ਵਿਖੇ ਸ. ਧਰਮਸੋਤ ਦੀ ਅਗਵਾਈ ਹੇਠ ਕਰਵਾਏ ਗਏ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਇਆ। ਚੇਅਰਮੈਨ ਪਰਮਜੀਤ ਸਿੰਘ ਖੱਟੜਾ ਨੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਮੀਤ ਪ੍ਰਧਾਨ ਸੰਜੀਵ ਕੁਮਾਰ, ਹੰਸ ਰਾਜ ਮਸਤਾਨਾ, ਕੌਂਸਲਰ ਦਰਸ਼ਨ ਕੁਮਾਰ, ਗੋਪਾਲ ਸਿੰਘ, ਦਰਬਾਰਾ ਸਿੰਘ, ਸੁਰਿੰਦਰ ਕੌਰ, ਬਾਲੀ ਰਾਮ, ਪਰਮਜੀਤ ਕੌਰ, ਕਿਰਨਾ ਰਾਣੀ, ਸੁਖਪ੍ਰੀਤ ਕੌਰ, ਸੁਨੀਤਾ ਰਾਣੀ, ਓਮ ਪ੍ਰਕਾਸ਼ ਥੌਰ, ਭਗਵੰਤ ਸਿੰਘ ਮਣਕੂ, ਹਰਮੀਮ ਸਿੰਘ ਗੋਬਿੰਦਪੁਰਾ, ਸ਼ਕਤੀ ਕੁਮਾਰ, ਮੰਤਰੀ ਦੇ ਨਿਜੀ ਸਕੱਤਰ ਕਾਬਲ ਸਿੰਘ, ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬੜ, ਕਾਰਜ ਸਾਧਕ ਅਫਸਰ ਅਮਰੀਕ ਸਿੰਘ, ਮਿਊਂਸਪਲ ਇੰਜੀਨੀਅਰ ਏ.ਪੀ. ਸਿੰਘ, ਜੇ.ਈ. ਗਗਨਪ੍ਰੀਤ ਸਿੰਘ, ਆਦਿ ਸਮੇਤ ਹੋਰ ਪਤਵੰਤੇ ਅਤੇ ਇਲਾਕਾ ਨਿਵਾਸੀ ਮੌਜੂਦ ਸਨ।