ਕੇਂਦਰ ਸਰਕਾਰ ਸਾਡੇ ਭਵਿੱਖ ਨਾਲ ਖੇਡ ਰਹੀ
ਸ਼ੁੱਕਰਵਾਰ ਸਵੇਰੇ ਸ਼ਰਾਰਤੀ ਅਨਸਰਾਂ ਨੇ ਸਮਸਤੀਪੁਰ ਵਿੱਚ ਜੰਮੂ ਤਵੀ-ਗੁਹਾਟੀ ਐਕਸਪ੍ਰੈਸ ਨੂੰ ਅੱਗ ਲਗਾ ਦਿੱਤੀ ਅਤੇ ਲਖੀਸਰਾਏ ਵਿੱਚ ਵਿਕਰਮਸ਼ੀਲਾ ਐਕਸਪ੍ਰੈਸ ਨੂੰ ਅੱਗ ਲਗਾ ਦਿੱਤੀ, ਸਰਕਾਰ ਵੱਲੋਂ ਹਥਿਆਰਬੰਦ ਬਲਾਂ ਵਿੱਚ ਭਰਤੀ ਲਈ ਐਲਾਨੀ ‘ਅਗਨੀਪਥ’ ਸਕੀਮ ਖਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਹੋਏ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ। ਹਰਿਆਣਾ ’ਚ ਕਈ ਥਾਵਾਂ ’ਤੇ ਪੁਲੀਸ ਅਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਵਿੱਚ ਹਿੰਸਕ ਝੜਪਾਂ ਹੋਈਆਂ। ਪਲਵਲ ਵਿੱਚ ਗੁੱਸੇ ’ਚ ਆਏ ਨੌਜਵਾਨਾਂ ਨੇ ਤਿੰਨ ਪੁਲੀਸ ਵਾਹਨ ਫੂਕ ਦਿੱਤੇ ਤੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੀ ਭੰਨਤੋੜ ਕੀਤੀ।ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਨੂੰ ਲੈ ਕੇ ਬਿਹਾਰ ਵਿੱਚ ਹੰਗਾਮਾ ਅਤੇ ਪ੍ਰਦਰਸ਼ਨਾਂ ਦਾ ਦੌਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਪਲਵਲ ਵਿੱਚ 24 ਘੰਟਿਆਂ ਲਈ ਇੰਟਰਨੈੱਟ ਤੇ ਐੱਸਐੱਮਐੱਸ ਸੇਵਾ ਬੰਦ ਕਰ ਦਿੱਤੀਆਂ ਹਨ। ਉਧਰ ਪਟਨਾ ਵਿੱਚ ਵੀ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਰੇਲਗੱਡੀਆਂ ਨੂੰ ਅੱਗ ਲਾ ਦਿੱਤੀ ਤੇ ਬੱਸਾਂ ਦੇ ਸ਼ੀਸ਼ੇ ਭੰਨੇ।
ਭਾਜਪਾ ਆਗੂਆਂ ਖ਼ਿਲਾਫ਼ ਰੋਹ ਭੱਖਿਆ
ਭਾਜਪਾ ਦੇ ਇੱਕ ਵਿਧਾਇਕ ਦੇ ਛਪਰਾ ਸਥਿਤ ਘਰ ਵਿੱਚ ਵੀ ਪ੍ਰਦਰਸ਼ਨਕਾਰੀਆਂ ਨੇ ਤੋੜਫੋੜ ਕੀਤੀ, ਜਦਕਿ ਨਵਾਦਾ ਵਿੱਚ ਭਾਜਪਾ ਦੇ ਦਫ਼ਤਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਗੁੱਸੇ ’ਚ ਆਏ ਨੌਜਵਾਨਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਅੱਥਰੂ ਗੈਸ ਦੇ ਗੋਲੇ ਦਾਗ਼ੇ ਤੇ ਲਾਠੀਆਂ ਵਰ੍ਹਾਈਆਂ।
ਨੌਜਵਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਅਜਿਹੀਆਂ ਸਕੀਮਾਂ ਲਿਆ ਕੇ ਉਨ੍ਹਾਂ ਦੇ ਭਵਿੱਖ ਨਾਲ ਖੇਡ ਰਹੀ ਹੈ। ਬਿਹਾਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਬੂਆ ਤੇ ਛਪਰਾ ਸਟੇਸ਼ਨਾਂ ’ਤੇ ਖੜ੍ਹੀਆਂ ਬੋਗੀਆਂ ਨੂੰ ਅੱਗ ਲਾ ਦਿੱਤੀ ਤੇ ਕਈ ਥਾਈ ਰੇਲਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ। ਅਰਾਹ ਰੇਲਵੇ ਸਟੇਸ਼ਨ ’ਤੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਤਰ ਹੋ ਗਏ, ਜਿਨ੍ਹਾਂ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਦਾਗ਼ਣੇ ਪਏ। ਰੋਸ ਮੁਜ਼ਾਹਰਿਆਂ ਕਰਕੇ ਪਟਨਾ-ਗਯਾ, ਬਰੌਨੀ-ਕਟਿਹਾਰ ਅਤੇ ਦਾਨਾਪੁਰ-ਡੀਡੀਯੂ ਜਿਹੇ ਸਭ ਤੋਂ ਵੱਧ ਮਸਰੂਫ਼ ਰੂਟਾਂ ’ਤੇ ਆਵਾਜਾਈ ਅਸਰਅੰਦਾਜ਼ ਹੋਈ। ਬਕਸਰ ਵਿੱਚ ਕਈ ਗੱਡੀਆਂ ਆਊਟ ਸਿਗਨਲ ’ਤੇ ਫਸੀਆਂ ਰਹੀਆਂ। ਜਹਾਨਾਬਾਦ, ਬਕਸਰ, ਕਟਿਹਾਰ, ਸਾਰਨ, ਭੋਜਪੁਰ ਤੇ ਕੈਮੂਰ ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ।
ਏਡੀਜੀਪੀ (ਕਾਨੂੰਨ ਵਿਵਸਥਾ) ਸੰਜੈ ਸਿੰਘ ਨੇ ਦੱਸਿਆ ਕਿ ਹਿੰਸਾ ਦੇ ਮਾਮਲੇ ਵਿੱਚ ਹੁਣ ਤੱਕ 125 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਵਿੱਚ ਘੱਟੋ ਘੱਟ 16 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਯੂਪੀ ਦੇ ਬੁਲੰਦਸ਼ਹਿਰ ਤੇ ਬਲੀਆ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੇ ‘ਅਗਨੀਪਥ’ ਸਕੀਮ ਤਹਿਤ ਨੌਜਵਾਨਾਂ ਦੀ ਭਰਤੀ ਖਿਲਾਫ਼ ਧਰਨੇ ਪ੍ਰਦਰਸ਼ਨਾਂ ਦੌਰਾਨ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਸਕੀਮ ਵਾਪਸ ਲਏ ਜਾਣ ਦੀ ਮੰਗ ਕੀਤੀ। ਹਾਲਾਂਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਭਰੋਸੇ ਮਗਰੋਂ ਨੌਜਵਾਨ ਧਰਨਾ ਚੁੱਕਣ ਲਈ ਰਾਜ਼ੀ ਹੋ ਗਏ।
ਨੌਜਵਾਨਾਂ ਨੇ ਸਰਕਾਰੀ ਬੱਸ ’ਤੇ ਪੱਥਰਬਾਜ਼ੀ ਕੀਤੀ
ਉਧਰ ਆਗਰਾ ਦੇ ਬਾਹ ਵਿੱਚ ਫੌਜ ’ਚ ਭਰਤੀ ਹੋਣ ਦੇ ਇੱਛੁਕ ਨੌਜਵਾਨਾਂ ਨੇ ਸਰਕਾਰੀ ਬੱਸ ’ਤੇ ਪੱਥਰਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਆਗਰਾ-ਜੈਪੁੁਰ ਹਾਈਵੇਅ ਤੇ ਐੱਮਜੀ ਰੋਡ ਨੂੰ ਜਾਮ ਕੀਤਾ। ਰਾਜਸਥਾਨ ਵਿੱਚ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਕੌਮੀ ਕਨਵੀਨਰ ਤੇ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਦੀ ਅਗਵਾਈ ਹੇਠ ਫੌਜ ਵਿੱਚ ਰੁਜ਼ਗਾਰ ਦੇ ਇੱਛੁਕ ਨੌਜਵਾਨਾਂ ਨੇ ਕੇਂਦਰ ਦੀ ‘ਅਗਨੀਪਥ’ ਸਕੀਮ ਖਿਲਾਫ਼ ਜੋਧਪੁਰ, ਸੀਕਰ, ਜੈਪੁਰ, ਨਾਗੌਰ, ਅਜਮੇਰ ਤੇ ਝੁਨਝੁਨੂ ਜ਼ਿਲ੍ਹਿਆਂ ਵਿੱਚ ਰੋਸ ਰੈਲੀਆਂ ਕੀਤੀਆਂ।