ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਹਬ ਦਿਖਾਉਂਦੇ ਹੋਏ ਗੁੰਡਾਗਰਦੀ ਦਿਖਾਈ ਅਤੇ ਆਈਸਕ੍ਰੀਮ ਵੇਚਣ ਵਾਲੇ ਇੱਕ ਛੋਟੇ ਬੱਚੇ ਦੀ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀਸੀਆਰ ਦੇ ਏਐਸਆਈ ਨੇ ਆਈਸਕ੍ਰੀਮ ਦੀ ਰੇਹੜੀ ਹਟਾਉਣ ਲਈ ਨਾਬਾਲਗ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਕਿ ਉਸ ਦੇ ਸਰੀਰ ‘ਤੇ ਨਿਸ਼ਾਨ ਪੈ ਗਏ। ਆਸ ਪਾਸ ਦੇ ਲੋਕਾਂ ਨੇ ਪੁਲਿਸ ਮੁਲਾਜ਼ਮ ਕੋਲੋਂ ਬੱਚੇ ਨੂੰ ਛੁਡਵਾਇਆ। ਜਦੋਂ ਲੋਕਾਂ ਨੇ ਪੁਲਿਸ ਮੁਲਾਜ਼ਮ ਕੋਲੋਂ ਮਾਸੂਮ ਦੇ ਗੁਨਾਹ ਬਾਰੇ ਪੁੱਛਿਆ ਤਾਂ ਜਵਾਬ ਦੇਣ ਦੀ ਬਜਾਏ ਮੁਲਜ਼ਮ ਏਐਸਆਈ ਆਪਣਾ ਮੋਟਰ ਸਾਈਕਲ ਲੈ ਕੇ ਭੱਜਣ ਲੱਗਾ।
ਘਟਨਾ ਅੰਮ੍ਰਿਤਸਰ ਦੇ ਬਸੰਤ ਐਵੇਨਿਊ ਇਲਾਕੇ ਦੀ ਹੈ। ਗਰਮੀ ਵਿੱਚ ਜ਼ਿਆਦਾ ਲੋਕ ਰਾਤ ਨੂੰ ਆਈਸਕ੍ਰੀਮ ਲਈ ਬਾਹਰ ਜਾਂਦੇ ਹਨ। ਰਾਤ ਕਰੀਬ 11 ਵਜੇ ਨਾਬਾਲਗ ਪ੍ਰਵਾਸੀ ਵੀ ਆਪਣਾ ਅਤੇ ਪਰਿਵਾਰ ਦਾ ਪੇਟ ਭਰਨ ਲਈ ਆਈਸਕ੍ਰੀਮ ਵੇਚ ਰਿਹਾ ਸੀ ਪਰ ਪੀਸੀਆਰ ਕਰਮਚਾਰੀ ਉੱਥੇ ਪਹੁੰਚ ਗਏ। ਉਸਨੇ ਵਰਦੀ ਦਾ ਰੋਹਬ ਵਿਖਾਉਂਦੇ ਹੋਏ ਲੜਕੇ ਨੂੰ ਆਈਸਕ੍ਰੀਮ ਦੀ ਰੇਹੜੀ ਨੂੰ ਹਟਾਉਣ ਲਈ ਕਿਹਾ। ਜਦੋਂ ਲੜਕਾ ਰੇਹੜੀ ਹਟਾਉਣ ਲੱਗਾ ਤਾਂ ਪੁਲਿਸ ਕਰਮਚਾਰੀ ਨੇ ਡੰਡਾ ਕੱਢ ਕੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਲੋਕ ਇਕੱਠੇ ਹੋ ਗਏ ਅਤੇ ਬੱਚੇ ਨੂੰ ਬਚਾਇਆ।
ਲੋਕਾਂ ਨੇ ਉਸੇ ਸਮੇਂ ਬੱਚੇ ਦੀ ਕੁੱਟਮਾਰ ਦੀ ਵੀਡੀਓ ਵੀ ਬਣਾਈ ਅਤੇ ਪੁਲਿਸ ਵਾਲੇ ਦੀ ਭੱਜਣ ਦੀ ਵੀਡੀਓ ਵੀ ਬਣਾ ਕੇ ਵਾਇਰਲ ਕਰ ਦਿੱਤੀ। ਬੱਚੇ ਨੇ ਦੱਸਿਆ ਕਿ ਉਸ ਨੇ ਪੁਲਿਸ ਮੁਲਾਜ਼ਮ ਨੂੰ ਕਹਿ ਦਿੱਤਾ ਸੀ ਕਿ ਉਹ ਗਲੀ ‘ਚ ਰੇਹੜੀ ਨੂੰ ਹਟਾ ਰਿਹਾ ਹੈ ਪਰ ਪੁਲਿਸ ਕਰਮਚਾਰੀ ਨੇ ਮੈਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵੀਡੀਓ ‘ਚ ਲੜਕੇ ਦੇ ਸਰੀਰ ‘ਤੇ ਡੰਡੇ ਨਾਲ ਵਾਰ ਕੀਤੇ ਜਾਣ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਬੱਚੇ ਨੂੰ ਡੰਡੇ ਨਾਲ ਮਾਰਨ ਵਾਲੇ ਪੁਲਿਸ ਮੁਲਾਜ਼ਮ ਨੂੰ ਲੋਕਾਂ ਨੇ ਘੇਰ ਲਿਆ। ਖੁਦ ਨੂੰ ਫਸਿਆ ਦੇਖ ਕੇ ਪੁਲਿਸ ਮੁਲਾਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਲੋਕਾਂ ਨੇ ਉਸ ਕੋਲੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਟਰਸਾਈਕਲ ਲੈ ਕੇ ਭੱਜ ਗਿਆ।