ਅਮ੍ਰਿਤਸਰ ਦੇ ਨੇੜ ਅੱਜ ਇੱਕ ਸਕੂਲ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈ |ਕਸ਼ਮੀਰ ਰੋਡ ’ਤੇ ਸੋਹੀਆ ਮੋੜ ਨੇੜੇ ਸਕੂਲ ਬੱਸ ਦੇ ਕਾਰ ਨਾਲ ਟਕਰਾਉਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਸ਼ਨਾਖਤ ਨਰਿੰਦਰਪਾਲ ਸਿੰਘ ਵਾਸੀ ਜੰਮੂ-ਕਸ਼ਮੀਰ ਅਤੇ ਉਸ ਦੀ ਪਤਨੀ ਵਜੋਂ ਹੋਈ ਹੈ।
ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਨਿੱਜੀ ਸਕੂਲ ਬੱਸ ਅੰਮ੍ਰਿਤਸਰ ਵੱਲ ਨੂੰ ਆ ਰਹੀ ਸੀ ਅਤੇ ਬੇਕਾਬੂ ਹੋ ਕੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਸੜਕ ਦੇ ਦੂਜੇ ਪਾਸੇ ਆ ਗਈ। ਇਸ ਕਾਰਨ ਉਸ ਦੀ ਜੰਮੂ-ਕਸ਼ਮੀਰ ਨੰਬਰ ਦੀ ਆਲਟੋ ਕਾਰ ਨਾਲ ਟੱਕਰ ਹੋ ਗਈ। ਟੱਕਰ ਕਾਰਨ ਕਾਰ ਵਿੱਚ ਸਵਾਰ ਨਰਿੰਦਰਪਾਲ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਉਸ ਦੀ ਪਤਨੀ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ, ਜਿਥੇ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਕੂਲ ਬੱਸ ਵਿੱਚ ਸਵਾਰ ਬੱਚੇ ਸੁਰੱਖਿਅਤ ਹਨ। ਇਹ ਬੱਸ ਜਦੋਂ ਮੁੜ ਰਹੀ ਸੀ ਤਾਂ ਪਿੱਛੋਂ ਆ ਰਹੇ ਟਿੱਪਰ ਨੇ ਉਸ ਨੂੰ ਟੱਕਰ ਮਾਰੀ, ਜਿਸ ਕਾਰਨ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਦੂਸਰੇ ਪਾਸੇ ਕਾਰ ਨਾਲ ਜਾ ਟਕਰਾਈ।