ਕਾਂਗਰਸ ਹਾਈਕਮਾਨ ਵੱਲੋਂ ਕਰੀਬ ਹਫ਼ਤੇ ਭਰ ਦੇ ਸਿਆਸੀ ਮੰਥਨ ਮਗਰੋਂ ਪੰਜਾਬ ਕੈਬਨਿਟ ’ਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੀ ਸੂਚੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲਾ ਨਵਾਂ ਮੰਤਰੀ ਮੰਡਲ ਭਲਕੇ ਸ਼ਾਮੀਂ 4.30 ਵਜੇ ਹਲਫ਼ ਲਵੇਗਾ| ਹਾਈਕਮਾਨ ਵੱਲੋਂ ਅਧਿਕਾਰਤ ਸੂਚੀ ਹਾਲੇ ਜਾਰੀ ਨਹੀਂ ਕੀਤੀ ਗਈ ਹੈ ਪਰ 18 ਮੈਂਬਰੀ ਕੈਬਨਿਟ ਦੇ 15 ਮੰਤਰੀ ਭਲਕੇ ਹਲਫ਼ ਲੈਣਗੇ| ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਪਹਿਲੇ ਗੇੜ ’ਚ ਹਲਫ਼ ਲੈ ਚੁੱਕੇ ਹਨ|
ਵੇਰਵਿਆਂ ਅਨੁਸਾਰ ਚੰਨੀ ਵਜ਼ਾਰਤ ’ਚ ਸੱਤ ਨਵੇਂ ਚਿਹਰੇ ਸ਼ਾਮਿਲ ਕੀਤੇ ਜਾ ਰਹੇ ਹਨ ਜਦਕਿ ਅਮਰਿੰਦਰ ਵਜ਼ਾਰਤ ਵਾਲੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ| ਅਮਰਿੰਦਰ ਕੈਬਨਿਟ ਵਾਲੇ ਅੱਠ ਮੰਤਰੀ ਵੀ ਨਵੀਂ ਕੈਬਨਿਟ ’ਚ ਥਾਂ ਬਣਾ ਕੇ ਰੱਖਣ ਵਿਚ ਕਾਮਯਾਬ ਹੋ ਗਏ ਹਨ| ਸੂਤਰਾਂ ਅਨੁਸਾਰ ਹਾਈਕਮਾਨ ਨੇ ਨਵੀਂ ਕੈਬਨਿਟ ’ਚ ਜਿਨ੍ਹਾਂ ਨਵੇਂ ਚਿਹਰਿਆਂ ਉਤੇ ਮੋਹਰ ਲਾਈ ਹੈ, ਉਨ੍ਹਾਂ ’ਚ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਰਾਜ ਕੁਮਾਰ ਵੇਰਕਾ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਤੇ ਕੁਲਜੀਤ ਸਿੰਘ ਨਾਗਰਾ, ਪਹਿਲਾਂ ਮੰਤਰੀ ਰਹਿ ਚੁੱਕੇ ਰਾਣਾ ਗੁਰਜੀਤ ਸਿੰਘ, ਗੁਰਕੀਰਤ ਸਿੰਘ ਕੋਟਲੀ ਅਤੇ ਅਮਰਿੰਦਰ ਸਿੰਘ ਉਰਫ਼ ਰਾਜਾ ਵੜਿੰਗ ਸ਼ਾਮਿਲ ਹਨ| ਹਾਈਕਮਾਨ ਵੱਲੋਂ ਅਧਿਕਾਰਤ ਸੂਚੀ ਜਾਰੀ ਨਾ ਹੋਣ ਦਾ ਕਾਰਨ ਇੱਕ-ਦੋ ਨਾਵਾਂ ਦਾ ਰੇੜਕਾ ਪਿਆ ਹੋਣਾ ਹੈ। ਸੂਤਰਾਂ ਮੁਤਾਬਕ ਇੱਕ-ਅੱਧੇ ਨਾਮ ’ਚ ਦੇਰ ਰਾਤ ਕੋਈ ਫੇਰਬਦਲ ਹੋਣ ਦੀ ਸੰਭਾਵਨਾ ਹੈ।
ਅਮਰਿੰਦਰ ਸਿੰਘ ਦੀ ਕੈਬਨਿਟ ’ਚ ਮੰਤਰੀ ਰਹੇ ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਰਾਣਾ ਸੋਢੀ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਦੀ ਛਾਂਟੀ ਕਰ ਦਿੱਤੀ ਗਈ ਹੈ| ਕੈਪਟਨ ਦੀ ਕੈਬਨਿਟ ਵਿਚ ਮੰਤਰੀ ਰਹੇ ਬ੍ਰਹਮ ਮਹਿੰਦਰਾ, ਤਿ੍ਪਤ ਰਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ, ਭਾਰਤ ਭੂਸ਼ਨ ਆਸ਼ੂ ਅਤੇ ਵਿਜੈ ਇੰਦਰ ਸਿੰਗਲਾ ਨਵੀਂ ਕੈਬਨਿਟ ’ਚ ਵੀ ਬਣੇ ਰਹਿਣਗੇ| ਪਹਿਲਾਂ ਵਾਲੇ 11 ਮੰਤਰੀ ਨਵੇਂ ਮੰਤਰੀ ਮੰਡਲ ’ਚ ਵੀ ਸ਼ਾਮਿਲ ਹਨ| ਹਾਈਕਮਾਨ ਨੇ ਨਵੀਂ ਕੈਬਨਿਟ ’ਚ ਜਾਤੀ ਸਮੀਕਰਨ, ਇਲਾਕਾਈ ਤਵਾਜ਼ਨ ਅਤੇ ਕਾਰਗੁਜ਼ਾਰੀ ਨੂੰ ਅਧਾਰ ਬਣਾ ਕੇ ਅਗਲੀਆਂ ਚੋਣਾਂ ’ਚ ਬਿਹਤਰ ਨਤੀਜੇ ਲੈਣ ਦੀ ਉਮੀਦ ਨਾਲ ਨਵੇਂ ਪੁਰਾਣੇ ਸਿਆਸੀ ਚਿਹਰੇ ਸ਼ਾਮਿਲ ਕੀਤੇ ਹਨ| ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਨਵੀਂ ਵਜ਼ਾਰਤ ’ਤੇ ਸਪੱਸ਼ਟ ਛਾਪ ਦਿਖ ਰਹੀ ਹੈ| ਹਾਈਕਮਾਨ ਨੇ ਅਮਰਿੰਦਰ ਧੜੇ ਦੀਆਂ ਸੰਭਾਵੀ ਬਗਾਵਤੀ ਸੁਰਾਂ ਨੂੰ ਨੱਪਣ ਲਈ ਵੀ ਨਵੇਂ ਕੈਬਨਿਟ ’ਚ ਦਾਅ-ਪੇਚ ਲਾਏ ਹਨ| ਮੰਤਰੀਆਂ ਦੇ ਐਲਾਨ ਨਾਲ ਪੰਜਾਬ ਕਾਂਗਰਸ ’ਚ ਲੰਘੇ ਦੋ-ਤਿੰਨ ਮਹੀਨੇ ਤੋਂ ਬਣੀ ਖਿੱਚੋਤਾਣ ਦਾ ਆਖਰੀ ਅਧਿਆਏ ਵੀ ਹੁਣ ਬੰਦ ਹੋ ਗਿਆ ਹੈ| ਨਵੀਂ ਕੈਬਨਿਟ ’ਚ ਪੱਛੜੀਆਂ ਜਾਤੀਆਂ ਦੇ ਨੁਮਾਇੰਦੇ ਵਜੋਂ ਸੰਗਤ ਸਿੰਘ ਗਿਲਜੀਆਂ ਨੂੰ ਥਾਂ ਦਿੱਤੀ ਗਈ ਹੈ ਜੋ ਕਿ ਪਹਿਲਾਂ ਮਨਫ਼ੀ ਸੀ| ਨਵੀਂ ਕੈਬਨਿਟ ’ਚ ਮੁੱਖ ਮੰਤਰੀ ਸਮੇਤ ਮਾਲਵੇ ਦੀ ਨੌਂ, ਮਾਝੇ ਦੀ ਛੇ ਤੇ ਦੋਆਬੇ ਦੀ ਤਿੰਨ ਵਜ਼ੀਰ ਨੁਮਾਇੰਦਗੀ ਕਰਨਗੇ| ਇਸੇ ਤਰ੍ਹਾਂ ਨਵੀਂ ਵਜ਼ਾਰਤ ਵਿਚ ਚਾਰ ਹਿੰਦੂ ਚਿਹਰੇ ਸ਼ਾਮਿਲ ਕੀਤੇ ਜਾਣੇ ਹਨ ਜਦੋਂ ਕਿ ਮੁੱਖ ਮੰਤਰੀ ਸਮੇਤ ਤਿੰਨ ਅਨੁਸੂਚਿਤ ਜਾਤੀ ਭਾਈਚਾਰੇ ’ਚੋਂ ਵਜ਼ੀਰ ਲਏ ਜਾ ਰਹੇ ਹਨ| ਮੁਸਲਿਮ ਭਾਈਚਾਰੇ ’ਚੋਂ ਰਜ਼ੀਆ ਸੁਲਤਾਨਾ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਜਾ ਰਿਹਾ ਹੈ ਜਦਕਿ ਜੱਟ ਸਿੱਖ ਭਾਈਚਾਰੇ ਦੇ 9 ਮੰਤਰੀ ਸ਼ਾਮਿਲ ਕੀਤੇ ਗਏ ਹਨ| ਮਾਲਵੇ ਦੇ ਵਜ਼ੀਰਾਂ ਦੀ ਗਿਣਤੀ ਅਮਰਿੰਦਰ ਕੈਬਨਿਟ ਜਿੰਨੀ ਹੀ ਰਹਿ ਗਈ ਹੈ ਜਦੋਂ ਕਿ ਦੋਆਬੇ ਵਿਚ ਪਹਿਲਾਂ ਇੱਕ ਮੰਤਰੀ ਸੀ, ਹੁਣ ਨਵੀਂ ਕੈਬਨਿਟ ਵਿਚ ਤਿੰਨ ਹੋ ਗਏ ਹਨ| ਮਾਝੇ ਤੋਂ ਵੀ ਇੱਕ ਮੰਤਰੀ ਦਾ ਵਾਧਾ ਹੋਇਆ ਹੈ| ਛਾਂਟੀ ਕੀਤੇ ਪੰਜ ਮੰਤਰੀਆਂ ’ਚੋਂ ਚਾਰ ਮੰਤਰੀ ਮਾਲਵਾ ਖਿੱਤੇ ਦੇ ਸਨ| ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸ਼ੁੱਕਰਵਾਰ ਰਾਤ ਰਾਹੁਲ ਗਾਂਧੀ ਤੇ ਸੀਨੀਅਰ ਆਗੂਆਂ ਨਾਲ ਕਰੀਬ ਚਾਰ ਘੰਟੇ ਮੀਟਿੰਗ ਕੀਤੀ ਸੀ ਜਿਸ ’ਚ ਨਵੀਂ ਕੈਬਨਿਟ ’ਤੇ ਆਖਰੀ ਮੋਹਰ ਲੱਗ ਗਈ ਹੈ| ਮੁੱਖ ਮੰਤਰੀ ਚੰਨੀ ਅੱਜ ਸਵੇਰੇ ਵਾਪਸ ਚੰਡੀਗੜ੍ਹ ਪਰਤੇ ਹਨ|
ਉਨ੍ਹਾਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓ.ਪੀ. ਸੋਨੀ ਨਾਲ ਅੱਜ ਦੁਪਹਿਰੇ 12.30 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਹਲਫ਼ਦਾਰੀ ਸਮਾਗਮ ਲਈ ਸਮਾਂ ਮੰਗਿਆ| ਚੰਨੀ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਐਤਵਾਰ 4.30 ਵਜੇ ਰਾਜ ਭਵਨ ’ਚ ਨਵੀਂ ਕੈਬਨਿਟ ਸਹੁੰ ਚੁੱਕੇਗੀ| ਸੂਤਰਾਂ ਮੁਤਾਬਕ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਫੀਡਬੈਕ ਨੂੰ ਵੀ ਛਾਂਟੀ ਵੇਲੇ ਧਿਆਨ ਵਿਚ ਰੱਖਿਆ ਗਿਆ ਹੈ| ਨਵੀਂ ਕੈਬਨਿਟ ਲਈ ਮੁੱਢਲੇ ਪੜਾਅ ’ਤੇ 18 ਨੁਕਾਤੀ ਏਜੰਡੇ ਦੀ ਪੂਰਤੀ ਕਰਨਾ ਇਕ ਚੁਣੌਤੀ ਹੋਵੇਗਾ| ਨਵੀਂ ਕੈਬਨਿਟ ’ਚ ਜਵਾਨ ਚਿਹਰੇ ਪੂਰੀ ਥਾਂ ਨਹੀਂ ਲੈ ਸਕੇ| ਸਭ ਤੋਂ ਛੋਟੀ ਉਮਰ ਦੇ ਰਾਜਾ ਵੜਿੰਗ 44 ਸਾਲਾਂ ਦੇ ਹਨ ਜਦੋਂ ਕਿ ਸਭ ਤੋਂ ਵੱਡੀ ਉਮਰ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਰੀਬ 77 ਸਾਲਾਂ ਦੇ ਹਨ|