ਮੁੱਖ ਮੰਤਰੀ ਕੈਪਟਨ ਅਤੇ ਨਵਜੋਤ ਸਿੱਧੂ ਵਿਚਾਲੇ ਵਾਰ-ਪਲਟਵਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਬੇਅਦਬੀ ਦੇ ਮੁੱਦੇ ‘ਤੇ ਇੱਕ ਵਾਰ ਫੇਰ ਨਵਜੋਤ ਸਿੱਧੂ ਨੇ ਕੈਪਟਨ ਨੂੰ ਘੇਰਿਆ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਹਨ। ਸਿੱਧੂ ਨੇ ਕੈਪਟਨ ਨੂੰ 2016 ‘ਚ ਦਿੱਤਾ ਬਿਆਨ ਵੀ ਯਾਦ ਕਰਵਾਇਆ। ਉਹਨਾਂ ਕਿਹਾ ਕਿ ਕੈਪਟਨ ਨੇ ਵੱਡੇ-ਵੱਡੇ ਵਾਅਦੇ ਕੀਤੇ ਪਰ ਨਿੱਕਲਿਆ ਕੁਝ ਨਹੀਂ। ਸਿੱਧੂ ਨੇ ਆਪਣੇ ਟਵਿੱਟਰ ‘ਤੇ ਕੈਪਟਨ ਅਮਰਿੰਦਰ ਦੀ 5 ਸਾਲ ਪੁਰਾਣੀ ਸਾਲ 2016 ਅਤੇ ਸਾਲ 2021 ਦੀ ਵੀਡੀੳ ਮਿਕਸ ਕਰਕੇ ਪੋਸਟ ਕੀਤੀ ਹੈ। ਜਿਸ ‘ਚ ਕੈਪਟਨ ਅਮਰਿੰਦਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਟਕਪੂਰਾ ਗੋਲ਼ੀ ਕਾਂਡ ਮਾਮਲੇ ‘ਚ ਬਾਦਲਾਂ
ਨੂੰ ਅੰਦਰ ਕਰਨ ਬਾਰੇ ਸਾਲ 2016 ਦਾ ਬਿਆਨ ਅਤੇ ਸਾਲ 2021 ‘ਚ ਦਿੱਤੀ ਟੀ.ਵੀ ਇੰਟਰਵੀਊ ਦੇ ਬਿਆਨਾਂ ‘ਤੇ ਟਿੱਪਣੀ ਕੀਤੀ ਹੈ। ਸਾਲ 2016 ‘ਚ ਮੁੱਖ ਮੰਤਰੀ ਕੈਪਟਨ ਬਿਆਨ ਦਿੰਦੇ ਨੇ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਮੈਂ ਕਰਾਵਾਵਾਂਗਾ ਤੇ ਉਸ ਜਾਂਚ ਰਿਪੋਰਟ ‘ਚ ਬਾਦਲਾਂ ਦਾ ਨਾਮ ਨਿਕਲੇਗਾ। ਪੁਲਿਸ ਵੱਲੋਂ ਬਹਿਬਲ ਅਤੇ ਕੋਟਕਪੂਰਾ ‘ਚ ਗੋਲ਼ੀ ਉਸ ਵੇਲੇ ਦੇ ਮੁੱਖ ਮੰਤਰੀ ਦੇ ਕਹਿਣ ‘ਤੇ ਚਲਾਈ ਗਈ ਸੀ, ਪਰ ਹੁਣ 2021 ‘ਚ ਮੁੱਖ ਮੰਤਰੀ ਕੈਪਟਨ ਕਹਿ ਰਹੇ ਨੇ ਕਿ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਬਾਦਲਾਂ ਨੂੰ ਫੜਕੇ ਅੰਦਰ ਦੇ ਦਿਓ, ਇਹ ਤਾਂ ਜੱਟਾਂਸ਼ਾਹੀ ਸੋਚ ਹੈ । ਸਿੱਟ ਅਸੀਂ ਬਣਾ ਸਕਦੇ ਹਾਂ ਪਰ ਸਿੱਟ ਦੀ ਜਾਂਚ ‘ਚ ਦਖਲ ਨਹੀਂ ਦੇ ਸਕਦੇ। ਅਸੀਂ ਐੱਸ.ਆਈ.ਟੀ. ਨੂੰ ਕਿਸੇ ‘ਤੇ ਕਾਰਵਾਈ ਕਰਨ ਦੇ ਹੁਕਮ ਨਹੀਂ ਦੇ ਸਕਦੇ। ਸਿੱਟ ਆਪਣੀ ਜਾਂਚ ਲਈ ਅਜ਼ਾਦ ਹੈ। ਮੁੱਖ ਮੰਤਰੀ ਕੈਪਟਨ ਦੀ ਨਵੀਂ ਅਤੇ ਪੁਰਾਣੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਵਜੋਤ ਸਿੱਧੂ ਨੇ ਲਿਖਿਆ ਕਿ ਗੱਲਾਂ ਤਾਂ ਬਹੁਤ ਵੱਡੀਆਂ-ਵੱਡੀਆਂ ਕੀਤੀਆਂ ਪਰ ਕੀਤਾ ਕੁਝ ਨਹੀਂ ।