ਅੱਜ ਅੰਮ੍ਰਿਤਸਰ ਦੇ ਹਲਕਾ ਉੱਤਰੀ ਦੇ ਵਾਰਡ ਨੰ 15 ਦੀ ਕਾਂਗਰਸ ਦੀ ਮੌਜੂਦਾ ਕੌਂਸਲਰ ਪਿੰਕੀ ਦੇਵੀ ਨੂੰ ਕੁੰਵਰ ਵਿਜੇ ਪ੍ਰਤਾਪ ਵੱਲੋਂ ਪਾਰਟੀ ਵਿੱਚ ਰਸਮੀ ਤੌਰ ਤੇ ਸ਼ਾਮਿਲ ਕਰਾ ਲਿਆ ਗਿਆ। ਇਸ ਦੇ ਬਾਰੇ ਗੱਲਬਾਤ ਕਰਦੇ ਹੋਏ ਪਿੰਕੀ ਦੇਵੀ ਦੇ ਸਹੁਰਾ ਰਾਮਬਲੀ ਜੋ ਕਿ ਸਾਬਕਾ ਕੌਂਸਲਰ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲ ਦੇ ਸਮੇਂ ਦੇ ਵਿਚ ਉਹ ਵਿਕਾਸ ਨੂੰ ਤਰਸ ਗਏ ਹਨ ਅਤੇ ਆਪਣੇ ਹਲਕੇ ਦੇ ਵਿਧਾਇਕ ਨੂੰ (ਸੁਨੀਲ ਦੱਤੀ) ਕਈ ਵਾਰ ਕਹਿਣ ਦੇ ਬਾਵਜੂਦ ਵੀ ਵਾਰਡ ਵਿੱਚ ਸਾਫ ਪੀਣ ਵਾਲੇ ਪਾਣੀ ਦੀ ਸਮੱਸਿਆ ਅਤੇ ਸੀਵਰੇਜ ਦੀ ਸਮੱਸਿਆ ਹੁਣ ਤੱਕ ਹੱਲ ਨਹੀਂ ਹੋ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਪਹਿਲਾਂ ਵੀ ਆਪਣੇ ਆਦਰਸ਼ ਮੰਨਦੇ ਸਨ ਅਤੇ ਆਮ ਆਦਮੀ ਪਾਰਟੀ ਵਿੱਚ ਆਉਣ ਦੇ ਨਾਲ ਉਹ ਵਿਕਾਸ ਦੇ ਮੁੱਦੇ ਉਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਰਸਮੀ ਤੌਰ ਤੇ ਅੰਮ੍ਰਿਤਸਰ ਵਿਖੇ ਆ ਕੇ ਸ਼ਾਮਿਲ ਕੀਤਾ ਗਿਆ ਸੀ ਅਤੇ ਇਹ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਹਲਕਾ ਉੱਤਰੀ ਤੋਂ ਚੋਣ ਲੜਨਗੇ।
ਹਲਕਾ ਉੱਤਰੀ ਚੋਂ ਪਿਛਲੀ ਵਾਰ ਚੋਣ ਲੜ ਚੁੱਕੇ ਮਨੀਸ਼ ਅਗਰਵਾਲ ਨੇ ਇਸ ਵਾਰ ਵੀ ਤਿਆਰੀ ਕਰ ਲਈ ਸੀ ਪਰ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੇ ਨਾਲ ਉਨ੍ਹਾਂ ਦੀ ਟਿਕਟ ਦੀ ਸੰਭਾਵਨਾ ਬਹੁਤ ਘੱਟ ਰਹਿ ਗਈ ਹੈ, ਦੂਸਰੇ ਪਾਸੇ ਕੁੰਵਰ ਵਿਜੈ ਪ੍ਰਤਾਪ ਵੱਲੋਂ ਹਲਕਾ ਉੱਤਰੀ ਵਿੱਚੋਂ ਹੀ ਆਪਣੀ ਪਾਰਟੀ ਦੇ ਪਹਿਲੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਮੌਜੂਦਾ ਕਾਂਗਰਸੀ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਗੱਲ ਨਾਲ ਉਨ੍ਹਾਂ ਦੇ ਹਲਕਾ ਉੱਤਰੀ ਚੋਂ ਚੋਣ ਲੜਨ ਦੀ ਸੰਭਾਵਨਾ ਹੋਰ ਵਧ ਗਈ ਹੈ।