ਕੋਵਿਡ-19 ਦੇ ਲਗਾਤਾਰ ਵਧ ਰਹੇ ਕੇਸਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 5 ਵੀਂ , 8ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਬਗੈਰ ਪ੍ਰੀਖਿਆ ਦਿੱਤੇ ਅਗਲੀ ਕਲਾਸ ਵਿੱਚ ਬਿਠਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਕਲਾਸ ਦੇ ਇਮਤਿਹਾਨ ਪਹਿਲਾਂ ਹੀ ਮੁਲਤਵੀ ਕਰ ਦਿੱਤੇ ਗਏ ਹਨ। ਇਹ ਪ੍ਰੀਖਿਆਵਾਂ ਕਦੋਂ ਹੋਣਗੀਆਂ ਇਸ ਬਾਰੇ ਫੈਸਲਾ ਲੈਣਾ ਅਜੇ ਬਾਕੀ ਹੈ।
ਮੁੱਖ ਮੰਤਰੀ ਨੇ ਇਹ ਫ਼ੈਸਲੇ ਉੱਚ ਅਧਿਕਾਰੀਆਂ ਅਤੇ ਡਾਕਟਰੀ ਮਾਹਰਾਂ ਨਾਲ ਵਰਚੁਅਲ ਕੋਵਿਡ ਸਮੀਖਿਆ ਬੈਠਕ ਦੌਰਾਨ ਲਏ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ ਕੋਰੋਨਾ ਕਰਕੇ 30 ਅਪ੍ਰੈਲ ਤੱਕ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਜਾਵੇ।
ਦੱਸ ਦਈਏ ਕਿ ਪੰਜਾਬ ‘ਚ ਕਲਾਸ 5ਵੀਂ ਕਲਾਸ ਦੇ ਵਿਦਿਆਰਥੀਆਂ ਦੇ ਹੁਣ ਤੱਕ 5 ਚੋਂ 4 ਵਿਸ਼ਿਆਂ ਦੇ ਇਮਤਿਹਾਨ ਹੋ ਚੁੱਕੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਹੁਕਮ ਦਿੱਤੇ ਕਿ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵਲੋਂ ਵਿਦਿਆਰਥੀਆਂ ਦੇ 4 ਵਿਸ਼ਿਆਂ ਚੋਂ ਹਾਸਲ ਕੀਤੇ ਅੰਕਾਂ ਦੇ ਅਧਾਰ ‘ਤੇ ਨਤੀਜੇ ਐਲਾਨ ਕੀਤੇ ਜਾ ਸਕਦੇ ਹਨ। ਉਧਰ 8 ਵੀਂ ਅਤੇ 10 ਵੀਂ ਜਮਾਤ ਦੇ ਨਤੀਜੇ ਪ੍ਰੀ-ਬੋਰਡ ਪ੍ਰੀਖਿਆਵਾਂ ਜਾਂ ਸਬੰਧਤ ਸਕੂਲਾਂ ਦੇ ਅੰਦਰੂਨੀ ਮੁਲਾਂਕਣ ਦੇ ਅਧਾਰ ‘ਤੇ ਐਲਾਨੇ ਜਾ ਸਕਦੇ ਹਨ।
ਮੁੱਖ ਮੰਤਰੀ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਕੇਂਦਰੀ ਸਿੱਖਿਆ ਮੰਤਰੀ ਨੂੰ ਵੀ ਕੋਰੋਨਾ ਬਾਰੇ ਲਿਖਿਆ ਸੀ ਕਿ ਮਹਾਂਮਾਰੀ ਦੇ ਮੱਦੇਨਜ਼ਰ 12ਵੀਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ। ਜਿਸ ‘ਤੇ ਬੀਤੀ ਦਿਨੀਂ 10ਵੀਂ ਸੀਬੀਐਸਈ ਦੀਆਂ ਪ੍ਰੀਖਿਆਵਾਂ ਰੱਦ ਕਰਨ ਦੇ ਕੇਂਦਰ ਦੇ ਫੈਸਲੇ ‘ਤੇ ਕੈਪਟਨ ਨੇ ਤਸੱਲੀ ਪ੍ਰਗਟਾਈ।
ਮੀਟਿੰਗ ਵਿੱਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਵਿਨੀ ਮਹਾਜਨ, ਡੀਜੀਪੀ ਦਿਨਕਰ ਗੁਪਤਾ ਸ਼ਾਮਲ ਰਹੇ।