ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਹਨ। ਦਿੱਲੀ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਵੀਕੈਂਡ ਕਰਵਿਊ ਲਾਗੂ ਰਹੇਗਾ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ। ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮੰਗਲਵਾਰ ਨੂੰ ਡੀਡੀਐਮਏ ਦੀ ਇੱਕ ਮੀਟਿੰਗ ਹੋਈ ਹੈ। ਸਾਰੇ ਸਰਕਾਰੀ ਦਫ਼ਤਰਾਂ ਨੂੰ ਆਨਲਾਈਨ ਜਾਂ ਵਰਕ ਫਰਾਮ ਹੌਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਨਿੱਜੀ ਦਫ਼ਤਰਾਂ ਵਿੱਚ 50 ਫ਼ੀਸਦੀ ਸਮਰੱਥਾ ਨਾਲ ਕੰਮ ਕੀਤਾ ਜਾਵੇਗਾ। ਸਿਰਫ ਜ਼ਰੂਰੀ ਸੇਵਾਵਾਂ ਵਾਲੇ ਦਫ਼ਤਰ ਹੀ ਖੁੱਲ੍ਹਣਗੇ। ਬੱਸਾਂ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ। ਮਾਲ, ਰੈਸਟੋਰੈਂਟ, ਸਿਨੇਮਾ ਹਾਲ ਆਦਿ ਨੂੰ 50 ਫ਼ੀਸਦੀ ਸਮਰੱਥਾ ਨਾਲ ਖੁੱਲ੍ਹਣ ਦੀ ਹੋਵੇਗੀ ਇਜਾਜ਼ਤ। ਸਾਰਿਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਲੋਕਾਂ ਨੂੰ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਅਤੇ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ 4000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਵੀ ਕੋਰੋਨਾ ਪੋਜੇਇਵ ਪਾਏ ਗਏ ਹਨ।