ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨਾਲ ਪੰਗਾ ਮਹਿੰਗਾ ਪੈ ਗਿਆ ਹੈ।ਪਾਰਟੀ ਵਿਰੋਧੀ ਗਤੀਵਿਧੀਆਂ ਕਰਾਰ ਦਿੰਦੇ ਹੋਏ ਤਿੰਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।ਇਨ੍ਹਾਂ ‘ਚ ਮਲੋਟ ਦੇ ਬਲਾਕ ਪ੍ਰਧਾਨ ਰਾਜੀਵ ਉੱਪਲ, ਮਲੋਟ ਯੂਥ ਵਿੰਗ ਸੈਕਟਰੀ ਸਾਹਿਲ ਮੋਂਗਾ ਅਤੇ ਗੁਰਮੇਲ ਸਿੰਘ ਸ਼ਾਮਿਲ ਹੈ।ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਨੇ ਤਿੰਨਾਂ ਆਗੂਆਂ ‘ਤੇ ਇਹ ਕਾਰਵਾਈ ਕੀਤੀ ਹੈ।ਇਹ ਧਰਨਾ ਕੱਲ੍ਹ ਤੋਂ ਸ਼ੁਰੂ ਕੀਤਾ ਗਿਆ ਸੀ।
ਇਨ੍ਹਾਂ ਆਗੂਆਂ ਨੂੰ ਮਨਾਉਣ ਲਈ ਬੁਲਾਇਆ ਗਿਆ ਪਰ ਉਹ ਮੰਤਰੀ ਦੇ ਧਰਨੇ ‘ਚ ਆ ਕੇ ਗੱਲ ਕਰਨ ‘ਤੇ ਅੜੇ ਰਹੇ।ਜ਼ਿਲ੍ਹਾ ਪ੍ਰਧਾਨ ਨੇ ਸਸਪੈਂਡ ਕਰਨ ਦੇ ਆਦੇਸ਼ ‘ਚ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਬਿਨ੍ਹਾਂ ਕਿਸੇ ਵਜ੍ਹਾ ਦੇ ਮੰਤਰੀ ਦੇ ਘਰ ਦੇ ਅੱਗੇ ਧਰਨਾ ਦਿੱਤਾ ਹੈ।
ਇਸ ਨਾਲ ਪਾਰਟੀ ਅਤੇ ਸਰਕਾਰ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ।ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਮੰਤਰੀ ਨੇ ਉਨ੍ਹਾਂ ਨੂੰ ਵਾਰ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ।ਇਸਦੇ ਬਾਵਜੂਦ ਉਨ੍ਹਾਂ ਨੇ ਕੋਈ ਮੰਗ ਪੱਤਰ ਪਾਰਟੀ ਜਾਂ ਸਰਕਾਰ ਦੇ ਪੱਧਰ ‘ਤੇ ਨਹੀਂ ਦਿੱਤਾ ਹੈ।ਇਸ ਤੋਂ ਸਪੱਸ਼ਟ ਹੈ ਕਿ ਉਹ ਕਿਸੇ ਵਿਰੋਧੀ ਪਾਰਟੀ ਦੇ ਇਸ਼ਾਰੇ ‘ਤੇ ਪਾਰਟੀ ਅਤੇ ਸਰਕਾਰ ਨੂੰ ਨੁਕਸਾਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਕਾਰਨ ਇਨ੍ਹਾਂ ਨੂੰ ਤੁਰੰਤ ਪਾਰਟੀ ਤੋਂ ਸਸਪੈਂਡ ਕਰਦਿੱਤਾ ਹੈ।ਮਲੋਟ ‘ਚ ਧਰਨਾ ਦੇ ਰਹੇ ਆਪ ਆਗੂਆਂ ਨੇ ਮੰਤਰੀ ਬਲਜੀਤ ਕੌਰ ‘ਤੇ ਦੋਸ਼ ਲਗਾਏ ਸਨ।ਉਨ੍ਹਾਂ ਦਾ ਕਹਿਣਾ ਸੀ ਕਿ ਮੰਤਰੀ ਉਨ੍ਹਾਂ ਨਾਲ ਫੋਨ ‘ਤੇ ਗੱਲ ਤੱਕ ਨਹੀਂ ਕਰਦੀ।ਚੋਣਾਂ ‘ਚ ਉਨ੍ਹਾਂ ਨੇ ਮਿਹਨਤ ਕੀਤੀ ਪਰ ਜਿੱਤ ਤੋਂ ਬਾਅਦ ਬਲਜੀਤ ਕੌਰ ਨੇ ਅਕਾਲੀ ਅਤੇ ਕਾਂਗਰਸੀਆਂ ਨੂੰ ਆਪਣੇ ਕਰੀਬ ਰੱਖ ਲਿਆ ਹੈ।ਇਸ ਨਾਲ ਟਕਸਾਲੀ ਆਪ ਵਰਕਰਾਂ ਦੀ ਸੁਣਵਾਈ ਨਹੀਂ ਹੋ ਰਹੀ।ਉਨ੍ਹਾਂ ਨੇ ਭ੍ਰਿਸ਼ਟਾਚਾਰ ਅਤੇ ਨਸ਼ੇ ਨਾਲ ਜੁੜੀਆਂ ਸ਼ਿਕਾਇਤਾਂ ‘ਤੇ ਕਾਰਵਾਈ ਨਾ ਕਰਨ ਦਾ ਵੀ ਦੋਸ਼ ਲਗਾਇਆ ਸੀ।