ਬਿਹਾਰ ਤੋਂ ਅਣਗਹਿਲੀਂ ਦੀ ਇਕ ਬਹੁਤ ਵੱਡੀ ਘਟਨਾ ਸਾਹਮਣੇ ਆਈ ਹੈ। ਬਿਹਾਰ ਦੀ ਰਾਜਧਾਨੀ ਪਟਨਾ ਦੇ ਇਕ ਸਰਕਾਰੀ ਹਸਪਤਾਲ ਨੇ ਜਿਊਂਦੇ ਕੋਰੋਨਾ ਮਰੀਜ਼ ਨੂੰ ਮ੍ਰਿਤਕ ਐਲਾਨ ਕਰਕੇ ਨਵਾਂ ਭੰਬਲਭੂਸਾ ਗਲ਼ ਪਾ ਲਿਆ ਹੈ।
ਹਸਪਤਾਲ ਵਲੋਂ ਪਰਿਵਾਰ ਨੂੰ ਕਿਸੇ ਹੋਰ ਮ੍ਰਿਤਕ ਮਰੀਜ਼ ਦੀ ਦੇਹ ਸੌਂਪ ਦਿੱਤੀ। ਜਦੋਂ ਇਸ ਘਟਨਾ ਦਾ ਖੁਲਾਸਾ ਹੋਇਆ ਤਾਂ ਜ਼ਿਲ੍ਹਾ ਮਜਿਸਟਰੇਟ ਨੇ ਪਟਨਾ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਵਾਪਰੀ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ।
ਘਟਨਾ ਨੇ ਆਪਣਾ ਰੂਪ ਇਵੇਂ ਲਿਆ ਕਿ ਚੁਨੂ ਕੁਮਾਰ ਵਾਸੀ ਪਿੰਡ ਮਾਹਮਦਪੁਰ ਸਬ ਤਹਿਸੀਲ ਬਾੜ੍ਹ ਕੋਰੋਨਾ ਦੇ ਇਲਾਜ ਲਈ ਹਸਪਤਾਲ ਵਿਚ ਦਾਖਲ ਸੀ ਤੇ ਹਸਪਤਾਲ ਦੀ ਨਲਾਇਕੀ ਨੇ ਉਸ ਦੀ ਥਾਂ ਕਿਸੇ ਹੋਰ ਦੀ ਮ੍ਰਿਤਕ ਦੇਹ ਚੁਨੂ ਦੇ ਭਰਾ ਨੂੰ ਸੌਂਪ ਦਿੱਤੀ ਤੇ ਜਦੋਂ ਉਸਦਾ ਮੂੰਹ ਦੇਖਿਆ ਗਿਆ ਤਾਂ ਪਰਿਵਾਰ ਦੇ ਹੋਸ਼ ਉੱਡ ਗਏ ਕਿਉਂਕਿ ਹਸਪਤਾਲ ਵਲੋਂ ਦਿੱਤੀ ਮ੍ਰਿਤਕ ਦੇਹ ਚੁਨੂ ਦੀ ਨਹੀਂ ਸੀ। ਹਸਪਤਾਲ ਦੀ ਇਸ ਨਲਾਇਕੀ ਨੇ ਉੱਥੇ ਦੇ ਲੋਕਾਂ ਨੂੰ ਖੌਫ਼ ਵਿਚ ਪਾ ਦਿੱਤਾ ਹੈ।
ਇਸ ਘਟਨਾ ਨੂੰ ਸਖ਼ਤੀ ਨਾਲ ਲੈਂਦਿਆਂ ਪਟਨਾ ਦੇ ਜ਼ਿਲ੍ਹਾ ਦੇ ਮਜਿਸਟਰੇਟ ਸਿੰਘ ਨੇ ਹਸਪਤਾਲ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ 24 ਘੰਟਿਆਂ ਵਿਚ ਕਸੂਰਵਾਰਾਂ ਖਿਲਾਫ਼ ਕਾਰਵਾਈ ਕਰਨ ਨੂੰ ਕਿਹਾ ਹੈ। ਉਹਨਾਂ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਇਸ ਬਾਰੇ ਸਖਤੀ ਨਾਲ ਫੈਸਲਾ ਲਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਵਿਅਕਤੀ ਨਾਲ ਇਸ ਤਰ੍ਹਾਂ ਨਾ ਹੋਵੇ ਜਿਸ ਨਾਲ ਲੋਕਾਂ ਦਾ ਹਸਪਤਾਲ ਤੋਂ ਵਿਸ਼ਵਾਸ ਉਠ ਜਾਵੇ।