ਚੰਡੀਗੜ੍ਹ (ਰਾਹੁਲ ਕਾਲਾ) : ਗੰਨਾ ਕਾਸ਼ਤਕਾਰ ਕਿਸਾਨਾਂ ਤੋਂ ਬਾਅਦ ਹੁਣ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਹੱਲਾ ਬੋਲ ਦਿੱਤਾ ਹੈ। ਦੁੱਧ ਦੇ ਫੈਟ ਵਿੱਚ ਵਾਧੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਾਅਦਾ ਪੂਰਾ ਨਾ ਕੀਤੇ ਜਾਣ ਦੇ ਰੋਸ ਵਜੋਂ 24 ਅਗਸਤ ਨੂੰ ਲੁਧਿਆਣਾ ਦੇ ਵੇਰਕਾ ਪਲਾਂਟ ਬਾਹਰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ। ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਨੇ ਮਈ ਮਹੀਨੇ ਐਲਾਨ ਕੀਤਾ ਸੀ ਕਿ ਦੁੱਧ ਦੀ ਫ਼ੈਟ ਦੇ ਵਿੱਚ ਪਚਵੰਜਾ ਰੁਪਏ ਪ੍ਰਤੀ ਕਿੱਲੋ ਦਾ ਵਾਧਾ ਕੀਤਾ ਜਾਵੇਗਾ ਅਤੇ ਇਹ ਰਕਮਪੈਂਤੀ ਰੁਪਏ ਪੰਜਾਬ ਸਰਕਾਰ ਨੇ ਅਦਾ ਕਰਨੀ ਅਤੇ ਵੀਹ ਰੁਪਏ ਮਿਲਕਫੈੱਡ ਨੇ ਦੇਣੀ ਹੈ। ਕਿਸਾਨਾਂ ਦਾ ਇਲਜ਼ਾਮ ਹੈ ਮਿਲਕਫੈੱਡ ਤਾਂ ਵੀਹ ਰੁਪਏ ਅਦਾ ਕਰ ਰਹੀ ਹੈ ਪਰ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ ਹਾਲੇ ਤੱਕ ਕਿਸਾਨਾਂ ਨੂੰ ਪੈਂਤੀ ਰੁਪਏ ਵਾਧਾ ਨਹੀਂ ਦਿੱਤਾ ਜਿਸ ਦੇ ਰੋਸ ਵਜੋਂ ਲੁਧਿਆਣਾ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ।
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਧਰਨੇ ਦੀ ਰੂਪ ਰੇਖਾ ਸਾਂਝੀ ਕਰਦੇ ਹੋਏ ਕਿਹਾ ਕਿ ਲੁਧਿਆਣਾ ਵੇਰਕਾ ਪਲਾਂਟ ਦੇ ਸਾਰੇ ਗੇਟ ਮੱਲ ਲਏ ਜਾਣਗੇ ਕਿਸੇ ਨੂੰ ਅੰਦਰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ। ਮਈ ਮਹੀਨੇ ਮੋਹਾਲੀ ਚ ਧਰਨਾ ਇੱਕ ਦਿਨ ਤਾਂ ਲਗਾਇਆ ਸੀ ਪਰ ਹੁਣ ਅਣਮਿੱਥੇ ਸਮੇਂ ਲਈ ਲੁਧਿਆਣਾ ਚ ਧਰਨਾ ਹੋਵੇਗਾ। ਟਰੈਕਟਰ ਟਰਾਲੀਆਂ ਤੇ ਸਵਾਰ ਹੋ ਕੇ ਪੂਰੇ ਪ੍ਰਬੰਧਾਂ ਨਾਲ ਇਹ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਜੇਕਰ ਸਰਕਾਰ ਚਾਹੁੰਦੀ ਹੈ ਇਹ ਧਰਨਾ ਰੁਕਵਾਉਣਾ ਤਾਂ ਸਾਡੀਆਂ ਮੰਗਾਂ ਸਵੀਕਾਰ ਕਰ ਲਵੇ।
ਦੂਸਰੇ ਪਾਸੇ ਲੁਧਿਆਣਾ ਤੋਂ ਅੱਗੇ ਫਗਵਾੜਾ ਵਿਚ ਗੰਨਾ ਕਾਸ਼ਤਕਾਰ ਕਿਸਾਨ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਰਹੇ ਹਨ। ਦੋਆਬਾ ਕਿਸਾਨ ਸੰਘਰਸ਼ ਕਮੇਟੀ ਨੂੰ ਪੰਜਾਬ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਹੁਣ ਇਨ੍ਹਾਂ ਕਿਸਾਨਾਂ ਨੇ ਵੀ 25 ਅਗਸਤ ਨੂੰ ਵੱਡਾ ਅੰਦੋਲਨ ਅਣਮਿੱਥੇ ਸਮੇਂ ਲਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਜੇਕਰ ਡੇਅਰੀ ਫਾਰਮਿੰਗ ਅਤੇ ਗੰਨਾ ਕਾਸ਼ਤਕਾਰ ਕਿਸਾਨ ਆਪਣਾ ਧਰਨਾ ਲਗਾਉਂਦੇ ਹਨ ਤਾਂ ਪੰਜਾਬ ਵਿਚ ਆਵਾਜਾਈ ਨੂੰ ਲੈ ਕੇ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ।