ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ’ਚ ਓਲੰਪਿਕ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਜਿਸ ਨਾਲ ਪੰਜਾਬ ਹਰਿਆਣਾ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦਾ ਹਰ ਬੱਚਾ ਬੱਚਾ ਮਾਨ ਮਹਿਸੂਸ ਕਰ ਰਿਹਾ ਹੈ | ਇਸ ਜਿੱਤ ਤੋਂ ਬਾਅਦ ਨੀਰਜ ਚੋਪੜਾ ਨੂੰ ਇਨਾਮਾਂ ਦਾ ਢੇਰ ਲੱਗ ਗਿਆ ਅਤੇ ਕੁਝ ਹੀ ਸਮੇਂ ਦੇ ਵਿੱਚ ਉਹ ਕਰੋੜਪਤੀ ਬਣ ਗਿਆ |
- ਨੀਰਜ ਚੋਪੜਾ ਵੱਲੋਂ ਜੈਵਲਿਨ ਥ੍ਰੋਅ ’ਚ ਗੋਲਡ ਜਿੱਤਣ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਕਿ ਨੀਰਜ ਚੋਪੜਾ ਨੂੰ ਕਲਾਸ-1 ਦੀ ਨੌਕਰੀ ਦਿੱਤੀ ਜਾਵੇਗੀ, 6 ਕਰੋੜ ਰੁਪਏ ਇਨਾਮ ਦਿੱਤਾ ਜਾਵੇਗਾ ਤੇ ਨਾਲ ਹੀ ਕੰਸੇਸ਼ਨਲ ਰੇਟ ’ਤੇ ਪਲਾਟ ਵੀ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪੰਚਕੂਲਾ ’ਚ ਐਥਲੈਟਿਕਸ ਦਾ ਇਕ ਵੱਖਰਾ ਸੈਂਟਰ ਬਣਾਉਣਗੇ ਤੇ ਉਸ ਦਾ ਹੈੱਡ ਨੀਰਜ ਨੂੰ ਬਣਾਇਆ ਜਾਵੇਗਾ।
- ਉਥੇ ਹੀ ਓਲੰਪਿਕ ਖੇਡਾਂ ਵਿੱਚ ਅਥਲੈਟਿਕਸ ਵਿੱਚ ਭਾਰਤ ਲਈ ਪਹਿਲਾ ਸੋਨੇ ਦਾ ਤਮਗਾ ਜਿੱਤਣ ਵਾਲੇ ਭਾਰਤੀ ਫੌਜ ਦੇ ਸੂਬੇਦਾਰ ਨੀਰਜ ਚੋਪੜਾ (ਵੀ.ਐਸ.ਐਮ.) ਦੀ ਸ਼ਾਨਾਮੱਤੀ ਪ੍ਰਾਪਤੀ ਨੂੰ ਸਨਮਾਨਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਭਾਰਤ ਦੇ ਇਸ ਅਥਲੀਟ ਨੂੰ ਦੋ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦੇਣ ਦਾ ਐਲਾਨ ਕੀਤਾ ਹੈ।
- ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਸ਼ਨੀਵਾਰ ਨੂੰ ਨੀਰਜ ਚੋਪੜਾ ਦੀ ਇਤਿਹਾਸਕ ਜਿੱਤ ਦਾ ਸਨਮਾਨ ਕਰਨ ਲਈ 1 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ। ਬੀਸੀਸੀਆਈ ਟੋਕੀਓ ਓਲੰਪਿਕਸ ਦੇ ਹੋਰ ਸਾਰੇ ਤਮਗਾ ਜੇਤੂਆਂ ਨੂੰ ਵੀ ਪੁਰਸਕਾਰ ਦੇਵੇਗਾ।
- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਫ੍ਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਨੇ ਵੀ ਨੀਰਜ ਚੋਪੜਾ ਨੂੰ 1 ਕਰੋੜ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਐਮਐਸ ਧੋਨੀ ਦੀ ਅਗਵਾਈ ਵਾਲੀ ਫ੍ਰੈਂਚਾਇਜ਼ੀ ਨੇ ਸੋਨ ਤਮਗਾ ਜੇਤੂ ਲਈ ਨਕਦ ਇਨਾਮ ਦਾ ਐਲਾਨ ਕੀਤਾ।
- ਮਣੀਪੁਰ ਸਟੇਟ ਕੈਬਿਨੇਟ ਨੇ ਸ਼ਨੀਵਾਰ ਨੂੰ ਮੀਟਿੰਗ ਕੀਤੀ ਅਤੇ ਟੋਕੀਓ ਓਲੰਪਿਕ ਦੇ ਹੀਰੋ ਨੀਰਜ ਚੋਪੜਾ ਨੂੰ ਉਸਦੇ ਸੁਨਹਿਰੀ ਜਿੱਤ ਲਈ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ। ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਟਵਿੱਟਰ ‘ਤੇ ਇਹ ਐਲਾਨ ਕੀਤਾ।
- ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਜੈਵਲਿਨ ਥ੍ਰੋ ਵਿਚ ਦੇਸ਼ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੂੰ ਕੰਪਨੀ ਦੀ ਆਉਣ ਵਾਲੀ ਐੱਸ. ਯੂ. ਵੀ. XUV700 ਨੂੰ ਤੋਹਫ਼ੇ ਵਿਚ ਦੇਣ ਦਾ ਵਾਆਦਾ ਕੀਤਾ ਹੈ।
- ਇੰਡੀਗੋ ਏਅਰਲਾਈਨਜ਼ ਨੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਲਈ ਇੱਕ ਸਾਲ ਲਈ ਮੁਫਤ ਯਾਤਰਾ ਦਾ ਐਲਾਨ ਕੀਤਾ ਹੈ।
- ਗੁਰੂਗ੍ਰਾਮ ਸਥਿਤ ਰੀਅਲਟੀ ਫਰਮ ਐਲਨ ਗਰੁੱਪ ਨੇ ਸੋਨ ਤਮਗਾ ਜੇਤੂ ਲਈ 25 ਲੱਖ ਰੁਪਏ ਦੇ ਪੁਰਸਕਾਰ ਦਾ ਐਲਾਨ ਕੀਤਾ।