ਤਹਿਲਕਾ ਮੈਗਜ਼ੀਨ ਦੇ ਮੁੱਖ ਸੰਪਾਦਕ ਤਰੁਣ ਤੇਜਪਾਲ ਨੂੰ ਕਥਿਤ ਜਿਨਸੀ ਸ਼ੋਸ਼ਣ ਦੇ ਕੇਸ ਵਿਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਤਰੁਣ ਤੇਜਪਾਲ ‘ਤੇ ਪਿਛਲੇ 8 ਸਾਲਾਂ ਤੋਂ ਰੇਪ ਕੇਸ ਚੱਲ ਰਿਹਾ ਸੀ। ਉਸ ‘ਤੇ ਲਿਫਟ ਵਿੱਚ ਆਪਣੀ ਸਹਿਯੋਗੀ ਨਾਲ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਗਏ ਸਨ।ਤਰੁਣ ਤੇਜਪਾਲ ਨੇ ਆਪਣੇ-ਆਪ ਨੂੰ ਬੇਕਸੂਰ ਦੱਸਿਆ ਸੀ। ਪੀੜਤਾ ਨੇ ਉਨ੍ਹਾਂ ਉੱਪਰ ਇਹ ਇਲਜ਼ਾਮ ਲਾਇਆ ਸੀ ਕਿ ਨਵੰਬਰ 2013 ਵਿੱਚ ਤਹਿਲਕਾ ਮੈਗਜ਼ੀਨ ਵੱਲੋਂ ਰੱਖੇ ਇੱਕ ਈਵੈਂਟ ਵਿੱਚ ਉਨ੍ਹਾਂ ਦੇ ਨਾਲ ਬਦ ਸਲੂਕੀ ਕੀਤੀ ਗਈ ਸੀ।ਇਕ ਔਰਤ ਨੇ ਨਵੰਬਰ 2013 ਨੂੰ ਗੋਆ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਇੱਕ ਲਿਫਟ ਦੇ ਅੰਦਰ ਤਰੁਣ ਤੇ ਬਲਾਤਕਾਰ ਕਰਨ ਦਾ ਦੋਸ਼ ਲਾਇਆ ਸੀ। ਜਿਸਦੇ ਬਾਅਦ ਉਸਨੂੰ 30 ਨਵੰਬਰ 2013 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਹ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਸੀ। ਕੇਸ ਤੇ ਕਾਰਵਾਈ ਕਰਦਿਆਂ ਗੋਆ ਪੁਲਿਸ ਨੇ ਫਰਵਰੀ 2014 ਵਿਚ ਉਸਦੇ ਖਿਲਾਫ 2,846 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ।
ਕੌਣ ਹਨ ਤਰੁਣ ਤੇਜਪਾਲ?
ਤਹਿਲਕਾ ਮੈਗਜ਼ੀਨ ਦੇ ਇੱਕ ਸਟਿੰਗ ਨੇ ਤਤਕਾਲੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਮੁਸ਼ਕਿਲਾਂ ‘ਚ ਪਾ ਦਿੱਤਾ ਸੀ। ਉਸ ਵੇਲੇ ਦੀ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਿਆ ਸੀ।ਉਸੇ ਸਾਲ ਏਸ਼ਿਆਵੀਕ ਮੈਗਜ਼ੀਨ ਨੇ ਤੇਜਪਾਲ ਨੂੰ ਏਸ਼ਿਆ ਦੇ 50 ਸਭ ਤੋਂ ਤਾਕਤਵਰ ਪੱਤਰਕਾਰਾਂ ਵਿੱਚੋਂ ਇੱਕ ਮੰਨਿਆ ਸੀ। ਤਹਿਲਕਾ ਮੈਗਜ਼ੀਨ ਦੇ ਸਟਿੰਗ ਦੀ ਤੁਲਨਾ ਬ੍ਰਿਟੇਨ ਦੇ ਗਾਰਡਿਅਨ ਅਖ਼ਬਾਰ ਨੇ ਅਮਰੀਕਾ ਦੇ ‘ਵਾਟਰਗੇਟ’ ਮਾਮਲੇ ਨਾਲ ਕੀਤੀ। ਸਾਬਕਾ ਫੌਜੀ ਅਫ਼ਸਰ ਦੇ ਪੁੱਤ ਤਰੁਣ ਤੇਜਪਾਲ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਤਹਿਲਕਾ ਤੋਂ ਪਹਿਲਾਂ ਉਹ ਆਊਟਲੁੱਕ ਤੇ ਇੰਡੀਆ ਟੁਡੇ ‘ਚ ਕੰਮ ਕਰ ਚੁੱਕੇ ਸਨ।