ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਦਰਅਸਲ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਸੰਕਟ ਦੇ ਮੁੱਦੇ ‘ਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਅਤੇ 10 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਹੈ। ਇਸ ਬੈਠਕ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ । ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਅਤੇ ਪੀਐਮ ਮੋਦੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਮਮਤਾ ਬੈਨਰਜੀ ਨੇ ਕਿਹਾ ਕਿ ਬੈਠਕ ਵਿਚ ਦਸ ਸੂਬਿਆਂ ਦੇ ਮੁੱਖ ਮੰਤਰੀ ਮੌਜੂਦ ਸਨ, ਮਮਤਾ ਬੈਨਰਜੀ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇ ਕੁੱਝ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਮੋਦੀ ਹੀ ਮੀਟਿੰਗ ‘ਚ ਬੋਲਦੇ ਰਹੇ ਪਰ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ। ਅਸੀਂ ਵੈਕਸੀਨ ਦੀ ਮੰਗ ਰੱਖਣੀ ਸੀ ਪਰ ਸਾਨੂੰ ਬੋਲਣ ਨਹੀਂ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਘੱਟ ਰਿਹਾ ਹੈ ਪਰ ਪਹਿਲਾਂ ਵੀ ਅਜਿਹਾ ਹੀ ਕਿਹਾ ਗਿਆ ਸੀ।
ਮਮਤਾ ਬੈਨਰਜੀ ਨੇ ਕੇਂਦਰ ’ਤੇ ਭੇਦਭਾਵ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੂਬੇ ’ਚ ਵੈਕਸੀਨ ਦੀ ਭਾਰੀ ਕਮੀ ਹੈ। ਅਸੀਂ ਤਿੰਨ ਕਰੋੜ ਟੀਕਿਆਂ ਦੀ ਮੰਗ ਰੱਖਣ ਵਾਲੇ ਸੀ ਪਰ ਕੁਝ ਬੋਲਣ ਨਹੀਂ ਦਿੱਤਾ ਗਿਆ। ਇਸ ਮਹੀਨੇ 24 ਲੱਖ ਵੈਕਸੀਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਸਿਰਫ਼ 13 ਲੱਖ ਵੈਕਸੀਨ ਦਿੱਤੀਆਂ ਗਈਆਂ। ਵੈਕਸੀਨ ਦੀ ਘਾਟ ਕਾਰਨ ਕਈ ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ ਹੈ। ਮਮਤਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੂਬੇ ’ਚ ਮੰਗ ਮੁਤਾਬਕ, ਵੈਕਸੀਨ ਨਹੀਂ ਭੇਜੀ, ਇਸ ਲਈ ਟੀਕਾਕਰਨ ਦੀ ਰਫ਼ਤਾਰ ਮੱਠੀ ਪਈ ਹੈ। ਇਸ ਦੇ ਬਾਵਜੂਦ ਸੂਬਾ ਸਰਕਾਰ ਨੇ 60 ਹਜ਼ਾਰ ਕਰੋੜ ਰੁਪਏ ਦੀ ਵੈਕੀਨ ਨਿੱਜੀ ਪੱਧਰ ’ਤੇ ਖ਼ਰੀਦੀ ਹੈ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਨੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ। ਆਕਸੀਜਨ, ਦਵਾਈ, ਵੈਕਸੀਨ ਕੁਝ ਵੀ ਉਪਲਬਧ ਨਹੀਂ ਹੈ। ਜੇ ਤੁਸੀਂ ਕੇਂਦਰ ਦੇ ਫਾਰਮੂਲੇ ‘ਤੇ ਚਲ ਰਹੇ ਹੋ ਤਾਂ ਤੁਹਾਨੂੰ ਇਸਦੇ ਲਈ ਦਸ ਸਾਲ ਉਡੀਕ ਕਰਨੀ ਪਏਗੀ।