ਭਾਰਤ ਵਿਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅਮਰੀਕਾ ਤੇ ਆਸਟਰੇਲੀਆ ਨੇ ਵੀ ਭਾਰਤੀ ਯਾਤਰੀਆਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਅਮਰੀਕਾ ਨੇ 4 ਮਈ ਤੋਂ ਭਾਰਤੀ ਯਾਤਰੀਆਂ ਦੇ ਅਮਰੀਕਾ ਵਿੱਚ ਦਾਖ਼ਲੇ ‘ਤੇ ਰੋਕ ਲਗਾ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਇਡੇਨ ਦੇ ਬੁਲਾਰੇ ਨੇ ਕਿਹਾ ਕਿ ਇਹ ਪਾਬੰਦੀਆਂ ਇਸ ਲਈ ਲਗਾਈਆਂ ਜਾ ਰਹੀਆਂ ਹਨ ਕਿਉਂਕਿ ਭਾਰਤ ਵਿਚ ਕੋਰੋਨਾ ਕੇਸਾਂ ਦੀ ਵੱਡੀ ਗਿਣਤੀ ਵਧ ਰਹੀ ਹੈ ਅਤੇ ਕੋਰੋਨਾ ਦੇ ਕਈ ਰੂਪ ਘੁੰਮ ਰਹੇ ਹਨ। ਇਸ ਤੋਂ ਇਲਾਵਾ ਆਸਟਰੇਲੀਆ ਨੇ ਵੀ ਸਖ਼ਤ ਕਦਮ ਚੁੱਕੇ ਹਨ। ਭਾਰਤ ਤੋਂ ਆਉਣ ਵਾਲੇ ਯਾਤਰੀਆਂ ਪ੍ਰਤੀ ਆਸਟ੍ਰੇਲੀਆ ਦੀ ਸਰਕਾਰ ਵੀ ਸਖ਼ਤ ਹੋ ਗਈ ਹੈ। ਸਰਕਾਰ ਭਾਰਤ ਤੋਂ ਘਰ ਵਾਪਸੀ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ ਜੁਰਮਾਨਾ ਤੇ ਜੇਲ੍ਹ ਵਰਗੀ ਸਜ਼ਾ ਦੇਣ ਦੀ ਵਿਵਸਥਾ ਕਰੇਗੀ। ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਨੇ ਇਸ ਕਦਮ ਨੂੰ ਕਠੋਰ ਦੱਸਦੇ ਹੋਏ ਇਸ ਦਾ ਬਚਾਅ ਕੀਤਾ, ਪਰ ਕਿਹਾ ਕਿ ਇਸ ਨੂੰ ਲਿਆਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਪਹਿਲਾਂ ਹੀ ਰੋਕ ਲਗਾ ਦਿੱਤੀ ਹੈ।

ਸਰਕਾਰ ਵੱਲੋਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਹਾਲ ਹੀ ‘ਚ ਦੋ ਆਸਟ੍ਰੇਲੀਅਨ ਕ੍ਰਿਕਟਰ ਵੀਰਵਾਰ ਨੂੰ ਦੇਸ਼ ਪੁੱਜੇ। ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਕ੍ਰਿਕਟਰਾਂ ਨੇ ਸਭ ਤੋਂ ਪਹਿਲਾਂ ਕਤਰ ਦੀ ਯਾਤਰਾ ਕੀਤੀ। ਫਿਰ ਉੱਥੋਂ ਆਸਟ੍ਰੇਲੀਆ ਲਈ ਉਡਾਣ ਭਰੀ। ਸਿਹਤ ਮੰਤਰੀ ਜਾਰਜ ਹੰਟ ਨੇ ਸ਼ੁੱਕਰਵਾਰ ਰਾਤ ਐਲਾਨ ਕੀਤਾ ਕਿ ਉਹ ਸਰਹੱਦ ‘ਤੇ ਪਾਬੰਦੀਆਂ ਨੂੰ ਸਖ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਇਸ ਨਿਯਮ ਨੂੰ ਤੋੜਨ ਦਾ ਯਤਨ ਕਰੇਗਾ, ਉਸ ‘ਤੇ 66,600 ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ ਜਾਂ ਪੰਜ ਸਾਲ ਜੇਲ੍ਹ ਦੀ ਸਜ਼ਾ ਹੋਵੇਗੀ, ਜਾਂ ਫਿਰ ਉਸ ਨੂੰ ਦੋਵੇਂ ਹੀ ਸਜ਼ਾਵਾਂ ਝੱਲਣੀਆਂ ਪੈ ਸਕਦੀਆਂ ਹਨ।