ਸੋਨੀਪਤ: ਅੱਜ ਸੋਨੀਪਤ ਰਾਈ ਰੈਸਟ ਹਾਊਸ ‘ਚ ਕਿਸਾਨ ਲੀਡਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦਰਮਿਆਨ ਕੋਰੋਨਾ ਨੂੰ ਲੈ ਕੇ ਅਹਿਮ ਬੈਠਕ ਹੋਈ। ਇਸ ਬੈਠਕ ‘ਚ ਕਿਸਾਨ ਅੰਦੋਲਨ ‘ਚ ਬੈਠੇ ਕਿਸਾਨਾਂ ਦਾ ਕੋਰੋਨਾ ਟੈਸਟ ਕਰਵਾਉਣ ਤੇ ਵੈਕਸੀਨ ਲਗਵਾਉਣ ਬਾਰੇ ਚਰਚਾ ਹੋਈ। ਪਰ ਕਿਸਾਨ ਲੀਡਰਾਂ ਨੇ ਅੰਦੋਲਨ ‘ਚ ਕਿਸਾਨਾਂ ਦਾ ਕੋਰੋਨਾ ਟੈਸਟ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ।
ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਤੇ ਡਾ. ਦਰਸ਼ਨਪਾਲ ਮੀਟਿੰਗ ਤੋਂ ਬਾਹਰ ਨਿਕਲੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ‘ਚ ਕੋਰੋਨਾ ਟੈਸਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾਉਣੀ ਹੈ ਜਾਂ ਨਹੀਂ ਇਹ ਕਿਸਾਨਾਂ ਦੀ ਆਪਣੀ ਮਰਜ਼ੀ ਹੈ। ਚੜੂਨੀ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਕਿ ਕਿਸਾਨਾਂ ਨਾਲ ਕੋਰੋਨਾ ਟੈਸਟ ਕਰਵਾਉਣ ਲਈ ਜ਼ਬਰਦਸਤੀ ਨਾ ਕੀਤੀ ਜਾਵੇ, ਨਹੀਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅੰਦੋਲਨ ‘ਚ ਦਾਖਿਲ ਵੀ ਨਹੀਂ ਹੋਣ ਦਿੱਤਾ ਜਾਵੇਗਾ।
ਉਧਰ ਸੋਨੀਪਤ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਅੱਗੇ ਮੀਟਿੰਗ ਕਰਕੇ ਕਿਸਾਨਾਂ ਨੂੰ ਟੈਸਟਿੰਗ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਸਾਫ ਕੀਤਾ ਕਿ ਕਿਸਾਨਾਂ ਨੂੰ ਐਮਰਜੈਂਸੀ ਸੇਵਾਵਾਂ ਲਈ ਕਦੇ ਵੀ ਇਨਕਾਰ ਨਹੀਂ ਕੀਤਾ ਗਿਆ।