ਸ੍ਰੀ ਚਮਕੌਰ ਸਾਹਿਬ, 26 ਜੁਲਾਈ 2021: ਬੀਤੇ ਦਿਨ ਸ੍ਰੀ ਚਮਕੌਰ ਸਾਹਿਬ ਵਿਖੇ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਾਥੀ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਂਣ ਵਾਲਿਆਂ ਤੇ ਸਥਾਨਕ ਪੁਲਿਸ ਨੇ ਪਰਚੇ ਦਰਜ ਕੀਤੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਰੁੜਕੀ ਹੀਰਾਂ ਨੇ ਅਪਣੇ ਸਾਥੀਆਂ ਸਮੇਤ ਦੱਸਿਆ ਕਿ ਸਥਾਨਕ ਪੁਲਿਸ ਨੇ ਸਰਪੰਚ ਸਤਨਾਮ ਸਿੰਘ ਸੋਹੀ ਪਿੰਡ ਬਹਿਰਾਮਪੁਰ ਜਿਮੀਦਾਰਾ, ਕੁਲਵੰਤ ਸਿੰਘ ਸਰਾੜੀ, ਜਗਮਨਦੀਪ ਸਿੰਘ ਪੜੀ ਅਤੇ ਜਗਦੀਪ ਕੌਰ ਟੱਕੀ ਸਮੇਤ 40- 45 ਅਣਪਛਾਤੇ ਨਾਵਾਂ ‘ਤੇ ਧਾਰਾ 283, 341, 323, 148 ਅਤੇ 149 ਅਧੀਨ ਥਾਣਾ ਸ੍ਰੀ ਚ਼ਮਕੌਰ ਸਾਹਿਬ ਵਿਚ ਮੁਕੱਦਮੇ ਦਰਜ ਕੀਤੇ ਹਨ। ਉਪਰੋਕਤ ਆਗੂ ਨੇ ਦੱਸਿਆ ਕਿ ਇਸ ਨਾਲ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਹੈ। ਉਪਰੋਕਤ ਆਗੂ ਦਾ ਕਹਿਣਾ ਹੈ ਕਿ ਇੱਥੋਂ ਦੇ ਕੈਬਨਿਟ ਮੰਤਰੀ ਨੇ ਸਭ ਤੋਂ ਪਹਿਲਾ ਇਕ ਹੋਰ ਧਾਰਮਿਕ ਅਸਥਾਨ ਤੇ ਜਾ ਕੇ ਉਨ੍ਹਾਂ ਲੋਕਾਂ ਨੂੰ ਵਡਿਆਇਆ ਕਿ ਮੈਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਤੁਹਾਡੇ ਕੋਲ ਆਇਆ ਹਾਂ, ਉਪਰੰਤ ਸਥਾਨਕ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਚ ਸਿੱਖ ਰਹਿਤ ਮਰਿਆਦਾ ਤੋਂ ਉਲਟ ਸ: ਸਿੱਧੂ ਤੇ ਫੁੱਲਾਂ ਦੀ ਵਰਖਾ ਕਰਕੇ ਤੇ ਉਨ੍ਹਾਂ ਨੂੰ ਢੋਲ ਢਮੱਕਿਆਂ ਨਾਲ ਗੁਰਦੁਆਰਾ ਸਾਹਿਬ ਵਿਚ ਲੈ ਕੇ ਗਏ, ਜਿੱਥੇ ਕਿ ਕੁੱਝ ਸਰਕਾਰੀ ਮੁਲਾਜ਼ਮਾਂ ਆਦਿ ਵਲੋਂ ਉਨ੍ਹਾਂ ਨੂੰ ਸਿਰਪਾਓ ਅਤੇ ਧਾਰਮਿਕ ਚਿਨ੍ਹ ਗੁਰਦੁਆਰਾ ਸਾਹਿਬ ਵਿਚ ਦਿੱਤੇ ਗਏ ਜੋ ਕਿ ਧਰਮ ਅਤੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਹੈ।
ਜਦਕਿ ਕਿਸਾਨਾਂ ਤੇ ਤਾਂ ਪਰਚੇ ਦਰਜ ਕਰ ਦਿੱਤੇ ਗਏ, ਜਦੋਂ ਪੁਲਿਸ ਦੀ ਹਾਜ਼ਰੀ ਦੇ ਵਿਚ ਮੁਲਾਜਮ ਹੀ ਧਾਰਮਿਕ ਉਲੰਘਣਾ ਕਰਨ ਉੱਥੇ ਸ਼੍ਰੋਮਣੀ ਕਮੇਟੀ ਅਤੇ ਪੁਲਿਸ ਚੁੱਪ ਹੋ ਜਾਦੀ ਹੈ, ਜਿਸ ਤੋਂ ਸਾਫ ਜਾਹਿਰ ਹੋ ਜਾਦਾ ਹੈ ਕਿ ਚਿੱਟੇ ਤੇ ਨੀਲੇ ਦੋਵੇਂ ਆਪਸ ਵਿਚ ਮਿਲ ਕੇ ਪੰਜਾਬ ਦੀ ਕਿਸਾਨੀ ਦਾ ਘਾਣ ਕਰਨ ਵਿਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਜਥੇਬੰਦੀਆਂ ਇਸ ਤੇ ਚੁੱਪ ਨਹੀਂ ਬੈਠਣਗੀਆਂ, ਲੋਕਤੰਤਰ ਵਿਚ ਸਭ ਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਕਿਸਾਨਾਂ ਨੂੰ ਪਹਿਲਾ ਕੇਂਦਰ ਸਰਕਾਰ ਅਤੇ ਹੁਣ ਪੰਜਾਬ ਸਰਕਾਰ ਵੀ ਕਾਨੂੰਨ ਨਾਲ ਡਰਾਉਂਣ ਲੱਗੀ ਹੋਈ ਹੈ।
ਜਿਸ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਸ: ਭੰਗੂ ਨੇ ਇਹ ਵੀ ਦਾਅਵਾ ਕੀਤਾ ਕਿ ਮੋਰਿੰਡਾ ਤੋਂ ਲੈ ਕੇ ਸ੍ਰੀ ਚਮਕੌਰ ਸਾਹਿਬ ਤਕ ਇਨਾਂ ਨੂੰ 35- 40 ਕਿਸਾਨਾਂ ਨੇ ਨਹੀਂ ਬਲਕਿ ਹਰ ਪਿੰਡ ਵਿਚ ਬਜ਼ੁਰਗਾਂ, ਜਵਾਨਾਂ ਅਤੇ ਬੱਚਿਆਂ ਨੇ ਵੀ ਕਾਲੇ ਝੰਡੇ ਦਿਖਾਏ ਹਨ, ਅਤੇ ਆਉਂਣ ਵਾਲੇ ਸਮੇਂ ਵਿਚ ਇਸ ਕੈਬਨਿਟ ਮੰਤਰੀ ਦਾ ਹਰ ਪਿੰਡ ਵਿਚੋਂ ਬਾਈਕਾਟ ਹੋਵੇਗਾ, ਜਿਸ ਨੂੰ ਕਿ ਸਾਡੇ ਇਲਾਕੇ ਦੇ ਲੋਕ ਝੂਠ ਦੀ ਪੰਡ ਵਜੋਂ ਜਾਣਦੇ ਹਨ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਪਿੰਜੋਲਾ, ਪ੍ਰਗਟ ਸਿੰਘ ਬਰਸਾਲਪੁਰ, ਹਰਵਿੰਦਰ ਸਿੰਘ ਚੈੜੀਆ ਅਤੇ ਪਰਮਿੰਦਰ ਸਿੰਘ ਅਲੀਪੁਰ ਆਦਿ ਹਾਜ਼ਰ ਸਨ।
ਦੂਜੇ ਪਾਸੇ ਇਹ ਵੀ ਪਤਾ ਲਗਿਆ ਹੈ ਕਿ ਸ਼੍ਰੀ ਚਰਨਜੀਤ ਸਿੰਘ ਚੰਨੀ ਕੈਬਿਨਟ ਮੰਤਰੀ ਨੇ ਸਥਾਨਿਕ ਐਸ.ਐਚ.ੳ./ਡੀ.ਐਸ.ਪੀ. ਨੂੰ ਇਕ ਪੱਤਰ ਲਿਖ ਕੇ ਭੇਜਿਆ ਹੈ ਕਿ ਪੁਲਿਸ ਵਲੋਂ ਆਪਣੇ ਪੱਧਰ ਤੇ ਉਕਤ ਐਫ.ਆਈ.ਆਰ.ਦਰਜ ਕੀਤੀ ਗਈ ਹੈ ਇਸ ਲਈ ਕਿਸੇ ਵੀ ਕਾਂਗਰਸੀ ਵਰਕਰ ਜਾਂ ਉਨਾਂ ਵਲੋਂ ਕੋਈ ਵੀ ਦਰਖਾਸਤ ਨਹੀਂ ਦਿਤੀ ਗਈ ਤੇ ਨਾਂ ਹੀ
ਬਿਆਨ ਦਰਜ ਕਰਵਾਇਆ ਹੈ ਅਤੇ ਨਾਂ ਹੀ ਉਨਾਂ ਦੀ ਇਸ ਬਾਰੇ ਕੋਈ ਕਾਰਵਾਈ ਕਰਨ ਦੀ ਮੰਸ਼ਾ ਹੈ ਇਸ ਲਈ ਇਸ ਉਕਤ ਐਫ.ਆਈ.ਆਰ ਨੂੰ ਕੈਂਸਲ ਕੀਤਾ ਜਾਵੇ।ਇਸ ਸਬੰਧੀ ਸਥਾਨਿਕ ਉਪ ਪੁਲਿਸ ਕਪਤਾਨ ਸ਼੍ਰੀ ਸੁਖਜੀਤ ਸਿੰਘ ਵਿਰਕ ਨੇ ਦਸਿਆ ਕਿ ਉਨਾਂ ਨੂੰ ਕੈਬਿਨਟ ਮੰਤਰੀ ਵਲੋਂ ਐਫ.ਆਈ.ਆਰ ਕੈਂਸਲ ਕਰਨ ਸਬੰਧੀ ਲਿਖਿਆ ਪੱਤਰ ਹੁਣੇ ਹੀ ਮਿਲਿਆ ਤੇ ਉਹ ਉਕਤ ਐਫ.ਆਈ.ਆਰ ਕੈਂਸਲ ਕਰਨ ਬਾਰੇ ਇਸ ਤੇ ਜਲਦੀ ਹੀ ਕਾਰਵਾਈ ਕਰਨਗੇ।