ਪੰਜਾਬ ‘ਚ ਰੇਲਵੇ ਲਾਈਨਾਂ ‘ਤੇ ਬੈਠ ਨਸ਼ਾ ਵੇਚਣ ਵਾਲੇ ਦਾ ਵੀਡੀਓ ਸਵੇਰੇ ਤੋਂ ਵਾਇਰਲ ਹੋ ਰਿਹਾ ਹੈ।ਹੁਣ ਨਵਜੋਤ ਸਿੰਘ ਸਿੱਧੂ ਨੇ ਇਸ ਵੀਡੀਓ ਨੂੰ ਆਪਣੇ ਟਵੀਟ ਕਰਕੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਸਵਾਲ ਉਠਾਏ ਹਨ।ਸਿੱਧੂ ਨੇ ਟਵੀਟ ‘ਚ ਕਿਹਾ ਹੈ ਕਿ ਇਹ ਵੀਡੀਓ ਫਰੀਦਕੋਟ ਦੇ ਆਸਪਾਸ ਦੀ ਹੈ।ਭਗਵੰਤ ਮਾਨ ਸਰਕਾਰ ਨੇ ਨਸ਼ਾ ਖਤਮ ਕਰਨ ਲਈ ਪੁਲਿਸ ਨੂੰ ਨਸ਼ਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਹਨ।ਇਸਦੇ ਬਾਵਜੂਦ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ।
ਬੁੱਧਵਾਰ ਸਵੇਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ।ਇਸ ‘ਚ ਇੱਕ ਨੌਜਵਾਨ ਰੇਲਵੇ ਲਾਈਨਾਂ ‘ਤੇ ਬੈਠਕੇ ਨੌਜਵਾਨਾਂ, ਨਾਬਾਲਿਗ ਬੱਚਿਆਂ ਅਤੇ ਔਰਤਾਂ ਨੂੰ ਖੁੱਲ੍ਹੇਆਮ ਨਸ਼ਾ ਵੇਚ ਰਿਹਾ ਹੈ।ਸਿੱਧੂ ਨੇ ਕਿਹਾ ਹੈ ਕਿ ਐੱਸਟੀਐੱਫ ਦੀ ਰਿਪੋਰਟ ਅਤੇ ਮਾਣਯੋਗ ਅਦਾਲਤ ਨੇ ਕਈ ਮੌਕਿਆਂ ‘ਤੇ ਦੇਖਿਆ ਹੈ ਕਿ ਡਰੱਗ ਪੈਡਲਰ, ਪੁਲਿਸ ਅਤੇ ਰਾਜਨੇਤਾ ਵਿਚਾਲੇ ਇੱਕ ਗਠਜੋੜ ਮੌਜੂਦ ਹੈ, ਜਿਸ ਨੂੰ ਅਜੇ ਤੋੜਿਆ ਨਹੀਂ ਜਾ ਸਕਿਆ।
ਨਵਜੋਤ ਸਿੱਧੂ ਵਲੋਂ ਟਵੀਟ ਕੀਤੇ ਗਏ ਵੀਡੀਓ ‘ਚ ਰੇਲਵੇ ਲਾਈਨ ‘ਤੇ ਬੈਠਾ ਨੌਜਵਾਨ ਸ਼ਰੇਆਮ ਨਸ਼ਾ ਵੇਚਦਾ ਦਿਸ ਰਿਹਾ ਹੈ।ਉਹ 200 ਰੁਪਏ ‘ਚ ਇੱਕ ਨਸ਼ੇ ਦੀ ਪੁੜੀ ਵੇਚ ਰਿਹਾ ਹੈ।ਨਾਬਾਲਿਗ ਦਿਸ ਰਹੇ ਬੱਚੇ ਨੂੰ ਵੀ ਤਸਕਰ ਨੇ 400 ਰੁਪਏ ‘ਚ ਦੋ ਪੁੜੀਆਂ ਵੇਚੀਆਂ।ਦੂਜੇ ਪਾਸੇ ਇੱਕ ਔਰਤ ਵੀ 500 ਰੁਪਏ ਦਾ ਨੋਟ ਲੈ ਕੇ ਖੜੀ ਦਿਸ ਰਹੀ ਹੈ।ਨੌਜਵਾਨ ਨਸ਼ਾ ਵੇਚਣ ਵਾਲੇ ਤੋਂ ਇੰਝ ਨਸ਼ਾ ਖਰੀਦ ਰਹੇ ਹਨ, ਜਿਵੇਂ ਕਿ ਕਿਸੇ ਦੁਕਾਨ ਤੋਂ ਚਾਕਲੇਟ ਲੈ ਰਹੇ ਹੋਣ।ਵੀਡੀਓ ‘ਚ ਨਸ਼ਾ ਵੇਚਣ ਵਾਲੇ ਨੌਜਵਾਨ ਦਾ ਨਾਮ ਜੱਗੀ ਲਿਆ ਜਾ ਰਿਹਾ ਹੈ, ਜਦੋਂ ਕਿ ਉਹ ਆਪਣੀ ਜੇਬ ‘ਚੋਂ ਨਸ਼ੇ ਦਾ ਲਿਫਾਫਾ ਕੱਢ ਕੇ ਪੁੜੀਆਂ ਨੌਜਵਾਨਾਂ ਨੂੰ ਵੇਚ ਰਿਹਾ ਹੈ।