ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਗੁਰੂ ਜੀ ਨੂੰ ਸ੍ਰਿਸ਼ਟੀ ਦੀ ਚਾਦਰ ਕਿਹਾ ਹੈ,
‘ਪਰਗਟ ਭਏ ਗੁਰੂ ਤੇਗ ਬਹਾਦਰ॥
ਸਗਲ ਸ੍ਰਿਸਟ ਪੈ ਢਾਪੀ ਚਾਦਰ॥’
ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਆਪਣੇ ਪ੍ਰਾਣ ਨਿਛਾਵਰ ਕੀਤੇ। ਅੱਜ ਤਕ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਪਾਵਨ ਸੀਸ ਨਾ ਦਿੰਦੇ ਤਾਂ ਅੱਜ ਭਾਰਤ ਵਿਚ ਜਾਂ ਇਹ ਕਹੀਏ ਕਿ ਵਿਸ਼ਵ ਵਿਚ ਹਿੰਦੂ ਧਰਮ ਦੀ ਉਹ ਸ਼ਾਨ ਨਾ ਹੁੰਦੀ ਜੋ ਅੱਜ ਹੈ। ਗੁਰੂ ਜੀ ਵਿਸ਼ਵ ਦੇ ਇੱਕੋ-ਇਕ ਅਜਿਹੇ ਰਹਿਬਰ ਹਨ, ਜਿਨ੍ਹਾਂ ਨੇ ਕਿਸੇ ਦੂਜੇ ਧਰਮ ਨੂੰ ਬਚਾਉਣ ਲਈ ਆਪਣੀ ਸ਼ਹਾਦਤ ਦਿੱਤੀ ਹੋਵੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਬਚਪਨ ਤੋਂ ਹੀ ਗੁਰੂ ਜੀ ਸਮਾਧੀ ਲਗਾ ਕੇ ਬੈਠ ਜਾਂਦੇ ਅਤੇ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ। ਗੁਰੂ ਤੇਗ ਬਹਾਦਰ ਜੀ ਦਾ ਵਿਆਹ ਜਲੰਧਰ ਨੇੜੇ ਪੈਂਦੇ ਨਗਰ ਕਰਤਾਰਪੁਰ ਸਾਹਿਬ ਦੇ ਵਸਨੀਕ ਲਾਲ ਚੰਦ ਦੀ ਪੁੱਤਰੀ ਗੁਜਰੀ ਜੀ ਨਾਲ ਹੋਇਆ। ਅੱਜ ਵੀ ਇਤਿਹਾਸ ਉਨ੍ਹਾਂ ਨੂੰ ਮਾਤਾ ਗੁਜਰੀ ਜੀ ਆਖ ਕੇ ਯਾਦ ਕਰਦਾ ਹੈ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੋਤੀ-ਜੋਤ ਸਮਾ ਗਏ ਸਨ ਤਾਂ ਗੁਰੂ ਤੇਗ ਬਹਾਦਰ ਜੀ ਮਾਤਾ ਨਾਨਕੀ ਜੀ ਅਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਵਿਖੇ ਰਹਿਣ ਚਲੇ ਗਏ। ਇੱਥੇ ਹੀ ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਜੀ ਨੂੰ ਨੌਵੇਂ ਗੁਰੂ ਵਜੋਂ ‘ਗੁਰੂ ਲਾਧੋ ਰੇ’ ਦਾ ਹੋਕਾ ਦਿੰਦਿਆਂ ਪ੍ਰਗਟ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਨਫਰਤ ਨਾਲ ਭਰੇ ਹੋਏ ਗੁਰੂ ਜੀ ਦੇ ਵੱਡੇ ਭਤੀਜੇ ਧੀਰ ਮੱਲ ਨੇ ਸ਼ੀਹਾਂ ਮਸੰਦ ਕੋਲੋਂ ਗੁਰੂ ਜੀ ’ਤੇ ਗੋਲੀ ਚਲਵਾ ਦਿੱਤੀ ਅਤੇ ਗੁਰੂ ਜੀ ਦੀ ਜਾਇਦਾਦ ਨੂੰ ਲੁੱਟ ਲਿਆ। ਜਦੋਂ ਇਸ ਗੱਲ ਦਾ ਮੱਖਣ ਸ਼ਾਹ ਲੁਬਾਣਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਧੀਰ ਮੱਲ ਤੇ ਉਸ ਦੇ ਬੰਦਿਆਂ ਦੀ ਖੂਬ ਭੁਗਤ ਸਵਾਰੀ ਅਤੇ ਸਾਰਾ ਸਮਾਨ ਉਥੋਂ ਵਾਪਸ ਲੈ ਆਂਦਾ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧੀਰ ਮੱਲ ਨੂੰ ਮੁਆਫ਼ ਕਰ ਦਿੱਤਾ ਅਤੇ ਉਸ ਦੀ ਨਿੱਜੀ ਜਾਇਦਾਦ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਉਨ੍ਹਾਂ ਦੇ ਹਵਾਲੇ ਕਰ ਦਿੱਤੀ।
ਗੁਰੂ ਜੀ ਨੇ ਸਤਲੁਜ ਦਰਿਆ ਦੇ ਨੇੜੇ ਮਾਖੋਵਾਲ ਦੇ ਥੇਹ ਦੀ ਜ਼ਮੀਨ ਦੀਪ ਚੰਦ ਕਹਿਲੂਰੀ ਦੀ ਵਿਧਵਾ ਰਾਣੀ ਚੰਪਾ ਤੋਂ ਖਰੀਦੀ। ਰਾਣੀ ਨੇ ਤਿੰਨ ਪਿੰਡ ਲੋਧੀਪੁਰ, ਮੀਆਂਪੁਰ ਅਤੇ ਸਹੋਟਾ ਗੁਰੂ ਜੀ ਨੂੰ ਭੇਟ ਕਰਦਿਆਂ ਅਪੀਲ ਕੀਤੀ ਕਿ ਇੱਥੇ ਇਕ ਨਵਾਂ ਨਗਰ ਆਬਾਦ ਕੀਤਾ ਜਾਵੇ। ਪਿੰਡ ਸਹੋਟਾ ਵਿਚ ਪੈਂਦੇ ਮਾਖੋਵਾਲ ਦੇ ਥੇਹ ਕੋਲ ਇਹ ਜ਼ਮੀਨ ਖ਼ਰੀਦ ਕੇ ਗੁਰੂ ਜੀ ਨੇ ਬਾਬਾ ਬੁੱਢਾ ਜੀ ਦੀ ਅੰਸ਼-ਵੰਸ਼ ਬਾਬਾ ਗੁਰਦਿੱਤਾ ਰੰਧਾਵਾ ਜੀ ਦੇ ਹੱਥੋਂ (ਭੱਟ ਵਹੀ ਮੁਲਤਾਨੀ ਸਿੰਧੀ ਅਨੁਸਾਰ) 21 ਹਾੜ੍ਹ 1722 ਬਿਕ੍ਰਮੀ (19 ਜੂਨ 1665 ਈ.) ਇੱਥੇ ਚੱਕ ਨਾਨਕੀ ਨਾਂ ਦਾ ਨਗਰ ਆਪਣੀ ਮਾਤਾ ਜੀ ਦੇ ਨਾਂ ਤੇ ਆਬਾਦ ਕੀਤਾ। ਜਿਸਨੂੰ ਬਾਅਦ ਵਿਚ ਆਨੰਦਪੁਰ ਸਾਹਿਬ ਜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਬਾਅਦ ਵਿਚ ਇਸ ਦਾ ਨਾਂ ਸ੍ਰੀ ਆਨੰਦਪੁਰ ਸਾਹਿਬ ਪ੍ਰਸਿੱਧ ਹੋਇਆ।
ਇਹ ਉਹ ਸਮਾਂ ਸੀ ਜਦੋਂ ਔਰੰਗਜ਼ੇਬ ਦੇ ਹਿੰਦੂਆਂ ’ਤੇ ਜ਼ੁਲਮ ਬਹੁਤ ਜ਼ਿਆਦਾ ਵਧ ਗਏ ਸਨ। ਕਸ਼ਮੀਰ ਵਿਚ ਹਿੰਦੂਆਂ ’ਤੇ ਔਰੰਗਜ਼ੇਬ ਦੇ ਪ੍ਰਤੀਨਿਧੀ ਸ਼ੇਰ ਅਫਗਾਨ ਖ਼ਾਨ ਨੇ ਬਹੁਤ ਜ਼ੁਲਮ ਢਾਹੇ। ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂਆਂ ਨੂੰ ਕਤਲ ਕਰ ਦਿੱਤਾ ਗਿਆ। ਮੰਦਰ ਢਾਹ ਦਿੱਤੇ, ਹੋਰ ਅਨੇਕਾਂ ਤਰ੍ਹਾਂ ਦੇ ਅੱਤਿਆਚਾਰ ਹਿੰਦੂਆਂ ’ਤੇ ਹੋਏ ਤਾਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਕਸ਼ਮੀਰੀ ਪੰਡਿਤਾਂ ਦਾ ਇਕ ਵਫਦ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਅਤੇ ਆਪਣੇ ਧਰਮ ਦੀ ਰਾਖੀ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਔਰੰਗਜ਼ੇਬ ਨੂੰ ਜਾ ਕੇ ਕਹਿ ਦੇਣ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਂਦਾ ਹੈ ਤਾਂ ਸਾਰੇ ਹੀ ਹਿੰਦੂ ਖੁਸ਼ੀ-ਖੁਸ਼ੀ ਆਪਣਾ ਧਰਮ ਪਰਿਵਰਤਨ ਕਰ ਲੈਣਗੇ ਇਸ ਲਈ ਬੇਦੋਸ਼ਿਆਂ ਦਾ ਲਹੂ ਨਾਂ ਡੋਲ੍ਹਿਆ ਜਾਵੇ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਕੇ ਆਪ ਸ਼ਹੀਦੀ ਪ੍ਰਾਪਤ ਕਰਨ ਲਈ ਦਿੱਲੀ ਵੱਲ ਚਲੇ ਗਏ। ਗੁਰੂ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਆਏ ਸਿੱਖਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉੱਬਲਦੇ ਪਾਣੀ ਵਿਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸਭ ਗੁਰੂ ਜੀ ਨੂੰ ਡਰਾਉਣ ਲਈ ਕੀਤਾ ਗਿਆ ਪਰ ਗੁਰੂ ਜੀ ਨਿਰਭੈ ਸਨ। ਅਖੀਰ ਔਰੰਗਜ਼ੇਬ ਨੇ ਜਦੋਂ ਪੂਰਾ ਜ਼ੋਰ ਲਾਇਆ ਕਿ ਗੁਰੂ ਜੀ ਧਰਮ ਪਰਿਵਰਤਨ ਕਰ ਲੈਣ ਪਰ ਗੁਰੂ ਜੀ ਨਾ ਮੰਨੇ ਤਾਂ ਉਸ ਨੇ ਗੁਰੂ ਜੀ ਨੂੰ ਸ਼ਹੀਦ ਕਰਵਾ ਦਿੱਤਾ।
ਦਿੱਲੀ ਦੇ ਚਾਂਦਨੀ ਚੌਂਕ ਵਿਚ ਜਿਸ ਥਾਂ ’ਤੇ ਗੁਰਦੁਆਰਾ ਸੀਸਗੰਜ ਸਾਹਿਬ ਬਣਿਆ ਹੋਇਆ ਹੈ, ਉਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਅਤੇ ਔਰੰਗਜ਼ੇਬ ਨੇ ਆਪਣੇ ਸਿਪਾਹੀਆਂ ਨੂੰ ਸਖ਼ਤੀ ਨਾਲ ਤਾਕੀਦ ਕੀਤੀ ਕਿ ਉਨ੍ਹਾਂ ਦੇ ਸੀਸ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ। ਪਹਿਰਾ ਬਿਠਾ ਦਿੱਤਾ ਗਿਆ ਸੀ ਪਰ ਫੇਰ ਵੀ ਭਾਈ ਜੈਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਚੁੱਕ ਕੇ ਸਤਿਕਾਰ ਸਹਿਤ ਸ੍ਰੀ ਆਨੰਦਪੁਰ ਸਾਹਿਬ ਲੈ ਆਏ ਅਤੇ ਲੱਖੀ ਸ਼ਾਹ ਵਣਜਾਰਾ ਗੁਰੂ ਜੀ ਦੇ ਪਵਿੱਤਰ ਸਰੀਰ ਨੂੰ ਆਪਣੇ ਘਰੇ ਲੈ ਗਏ ਅਤੇ ਆਪਣੇ ਘਰ ਨੂੰ ਅੱਗ ਲਗਾਕੇ ਗੁਰੂ ਜੀ ਦਾ ਅੰਤਿਮ ਸਸਕਾਰ ਕਰ ਦਿੱਤਾ। ਮੈਕਸ ਆਰਥਰ ਮੈਕਾਲਿਫ ਅਨੁਸਾਰ ਗੁਰੂ ਜੀ ਦੀ ਸ਼ਹਾਦਤ ਤੋਂ ਝਟਪਟ ਪਿੱਛੋਂ ਇਕ ਜ਼ਬਰਦਸਤ ਹਨ੍ਹੇਰੀ ਝੁੱਲੀ, ਜਿਸ ਨੇ ਹਰ ਇਕ ਦੀਆਂ ਅੱਖਾਂ ਮਿੱਟੀ ਘੱਟੇ ਨਾਲ ਭਰ ਦਿੱਤੀਆਂ। ਸਿੱਖ ਕਿਸੇ ਦੇ ਵੇਖਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸਿਰ, ਜਿੰਨੀ ਜਲਦੀ ਉਹ ਤੁਰ ਕੇ ਲਿਜਾ ਸਕਦਾ ਸੀ ਆਨੰਦਪੁਰ ਲੈ ਗਿਆ। ਗੁਰੂ ਜੀ ਦੀ ਸ਼ਹਾਦਤ ਮੱਘਰ ਸੁਦੀ 5 ਨੂੰ ਬੁੱਧਵਾਰ ਸ਼ਾਮ ਨੂੰ ਬਿਕਰਮੀ ਸੰਮਤ 1732 (1675 ਈਸਵੀ) ਨੂੰ ਹੋਈ।