ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ 150 ਕਰੋੜ ਰੁਪਏ ਦੇ ਪੰਜਾਬ ਪੁਲਿਸ ਭਰਤੀ ਘੁਟਾਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਨਾਲ ਹੀ ਮੌਜੂਦਾ ਭਰਤੀ ਪ੍ਰਕਿਰਿਆ ਰੱਦ ਕ ਕੇ ਸਾਰੀਆਂ ਉਪਲਬਧ ਪੋਸਟਾਂ ਲਈ ਨਵੇਂ ਸਿਰੇ ਤੋਂ ਟੈਸਟ ਲਿਆ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਾਵੇਂ ਪਟਿਆਲਾ ਵਿਚ 560 ਸਬ ਇੰਸਪੈਕਟਰਾਂ ਦੀ ਭਰਤੀ ਲਈ ਹੋਏ ਟੈਸਟ ਵਿਚ ਘੁਟਾਲਾ ਹੋਣ ਲਈ ਪਟਿਆਲਾ ਵਿਚ ਐਫ ਆਈ ਆਰ ਵੀ ਦਰਜ ਕੀਤੀ ਗਈ ਪਰ ਇਸਦੇ ਬਾਵਜੂਦ ਹੁਣ ਤੱਕ ਸਾਰੀ ਪ੍ਰਕਿਰਿਆ ਰੱਦ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਅਨਾਜ ਮੰਡੀ ਪੁਲਿਸ ਥਾਣੇ ਵਿਚ ਦਰਜ ਹੋਈ ਐਫ ਆਈ ਆਰ ਦੇ ਮੁਤਾਬਕ ਇਹ ਸਪਸ਼ਟ ਹੈ ਕਿ ਉਮੀਦਵਾਰ ਦੇ ਪੇਪਰ ਪ੍ਰੀਖਿਆ ਕੇਂਦਰ ਦੇ ਬਾਹਰੋਂ ਕੀਤੇ ਗਏ। ਇਹ ਸਪਸ਼ਟ ਹੈ ਕਿ ਕੰਪਿਊਟਰ ਹੈਕ ਕੀਤੇ ਗਏ ਤੇ ਹੋਰ ਉਮੀਦਵਾਰਾਂ ਨੇ ਮਾੜੇ ਤਰੀਕੇ ਵਰਤ ਕੇ ਪ੍ਰੀਖਿਆ ਪਾਸ ਕਰਨ ਦਾ ਯਤਨ ਕੀਤਾ ਜਦਕਿ 7 ਲੱਖ ਵਿਦਿਆਰਥੀਆਂ ਨੇ ਹੈਡ ਕਾਂਸਟੇਬਲ ਤੇ ਕਾਂਸਟੇਬਲ ਸਮੇਤ 5500 ਪੋਸਟਾਂ ਵਾਸਤੇ ਪੇਪਰ ਦਿੱਤਾ ਸੀ।
ਸਰਦਾਰ ਮਜੀਠੀਆ ਨੇ ਕਿਹਾ ਕਿ ਭਾਵੇਂ ਇਹ ਸਪਸ਼ਟ ਹੋ ਗਿਆ ਹੈ ਕਿ ਭਰਤੀ ਦਾ ਵੱਡਾ ਘੁਟਾਲਾ ਹੈ ਪਰ ਇਸ ਮਾਮਲੇ ਵਿਚ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਘੁਟਾਲੇ ਦੀ ਸੀ ਬੀ ਆਈ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਇਸ ਘੁਟਾਲੇ ਦੇ ਤਾਰ ਸਾਰੇ ਸੂਬੇ ਵਿਚ ਫੈਲੇ ਹਨ ਅਤੇ ਅਨੇਕਾਂ ਕਾਗਰਸੀ ਆਗੂਆਂ ਦੇ ਨਾਲ ਨਾਲ ਸੀਨੀਅਰ ਪੁਲਿਸ ਅਫਸਰ ਵੀ ਘੁਟਾਲੇ ਵਿਚ ਸ਼ਾਮਲ ਹਨ ਤੇ ਸਿਰਫ ਨਿਰਪੱਖ ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ।