ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਨਾਲ ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ‘ਚ 12 ਅਤੇ 13 ਮਈ ਨੂੰ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਮੌਸਮ ਦੇ ਬਦਲਦੇ ਮਿਜਾਜ਼ ਸਬੰਧੀ ਜਾਰੀ ਕੀਤੇ ਵਿਸ਼ੇਸ਼ ਬੁਲੇਟਿਨ ਵਿਚ ਮੌਸਮ ਵਿਭਾਗ ਚੰਡੀਗੜ੍ਹ ਦੇ ਮਾਹਿਰਾਂ ਨੇ ਦੱਸਿਆ ਕਿ 12 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿਚ 30 ਤੋਂ 40 ਕਿਲੋਮੀਟਰ, ਕੁਝ ਹਿੱਸਿਆਂ ਵਿਚ 35 ਤੋਂ 45 ਕਿਲੋਮੀਟਰ ਅਤੇ ਕੁਝ ਇਲਾਕਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀ ਹਨੇਰੀ ਦੇ ਚੱਲਣ ਦਾ ਅੰਦਾਜਾ ਹੈ।
ਮੌਸਮ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਇਨ੍ਹਾਂ ਦੋਵੇਂ ਸੂਬਿਆਂ ਵਿਚ ਹੀ ਹਲਕੀ ਤੋਂ ਦਰਮਿਆਨੀ ਬਰਸਾਤ ਅਤੇ ਕੁਝ ਹਿੱਸਿਆਂ ਵਿਚ ਭਾਰੀ ਬਰਸਾਤ ਅਤੇ ਗੜੇਮਾਰੀ ਹੋ ਸਕਦੀ ਹੈ। ਮੌਸਮ ਮਾਹਿਰਾਂ ਨੇ ਚੰਡੀਗੜ੍ਹ ਵਿਚ ਵੀ ਆਉਣ ਵਾਲੇ 24 ਘੰਟਿਆਂ ਦੌਰਾਨ ਧੂੜ ਭਰੀ ਹਨੇਰੀ ਅਤੇ ਬਰਸਾਤ ਹੋਣ ਦੀ ਗੱਲ ਆਖੀ ਹੈ।