ਸਾਬਕਾ ਮੰਤਰੀ ਤੇ ਭਾਜਪਾ ਦੇ ਸਾਬਕਾ ਆਗੂ ਅਨਿਲ ਜੋਸ਼ੀ ਭਾਜਪਾ ਦੇ ਕਈ ਹੋਰ ਵੱਡੇ ਆਗੂਆਂ ਸਮੇਤ 20 ਅਗਸਤ ਨੁੰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ।
ਜੋਸ਼ੀ ਦੇ ਨਾਲ ਹੀ ਬਠਿੰਡਾ ਤੋਂ ਭਾਜਪਾ ਜਨਤਾ ਯੁਵਾ ਮੋਰਚਾ ਦੇ ਸੂਬਾ ਮੁਖੀ ਮੋਹਿਤ ਗੁਪਤਾ, ਹੁਸ਼ਿਆਰਪੁਰ ਤੋਂ ਸਾਬਕਾ ਵਿਧਾਇਕ, ਲੁਧਿਆਣਾ ਦੇ ਸਾਬਕਾ ਡਿਪਟੀ ਮੇਅਰ ਤੇ ਲੁਧਿਆਣਾ ਜ਼ਿਲ੍ਹੇ ਤੋਂ ਵਿਧਾਨ ਸਭਾ ਚੋਣ ਲੜੇ ਚੁੱਕੇ ਇਕ ਹੋਰ ਆਗੁਆਂ ਦੀ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ | ਹਾਲਾਂਕਿ ਅਨਿਲ ਜੋਸ਼ੀ ਨੇ ਖੁਦ ਇਸ ਗਲ ਦੀ ਪੁਸ਼ਟੀ ਨਹੀਂ ਕੀਤੀ ਪਰ ਇਸ ਬਾਰੇ ਉਨ੍ਹਾਂ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ |
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਅੰਮ੍ਰਿਤਸਰ ਉੱਤਰੀ ਤੋਂ ਅਨਿਲ ਜੋਸ਼ੀ ਨੂੰ ਉਮੀਦਵਾਰ ਬਣਾਏਗਾ। ਇਹ ਸੀਟ ਬਸਪਾ ਨਾਲ ਸਮਝੌਤੇ ਤਹਿਤ ਬਸਪਾ ਕੋਲ ਹੈ ਪਰ ਇਸਦਾ ਵਟਾਂਦਰਾ ਕੀਤਾ ਜਾਵੇਗਾ।ਜੋਸ਼ੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਜੋਸ਼ੀ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਹੈ ਤੇ ਉਹਨਾਂ ਦੀ ਅਕਾਲੀ ਲੀਡਰਸ਼ਿਪ ਨਾਲ ਗੱਲਬਾਤ ਵੀ ਨੇਪਰੇ ਚੜ੍ਹ ਚੁੱਕੀ ਹੈ।
ਭਾਜਪਾ ਨੇ ਜੁਲਾਈ ਵਿਚ ਕਿਸਾਨਾਂ ਦੇ ਹੱਕ ਵਿਚ ਬੋਲਣ ਤੇ ਸੂਬਾਈ ਤੇ ਕੇਂਦਰੀ ਲੀਡਰਸ਼ਿਪ ਦੀ ਨਿਖੇਧੀ ਕਰਨ ’ਤੇ ਜੋਸ਼ੀ ਨੂੰ ਛੇ ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ ਸੀ। ਅਨਿਲ ਜੋਸ਼ੀ ਦੀ ਪਾਰਟੀ ਨਾਲ ਮਤ ਨਹੀਂ ਰਲੀ ਜਿਸ ਕਰ ਕੇ ਉਨ੍ਹਾਂ ਨੂੰ ਭਾਜਪਾ ਦੇ ਵਿੱਚੋਂ ਕੱਢਿਆ ਗਿਆ ਸੀ| ਇਸ ਤੋਂ ਬਾਅਦ ਇਹ ਵੀ ਖਬਰਾਂ ਆ ਰਹੀਆਂ ਸਨ ਕਿ ਅਨਿਲ ਜੋਸ਼ੀ ‘ਆਪ’ ਦੇ ਵਿੱਚ ਸ਼ਾਮਿਲ ਹੋਣਗੇ ਪਰ ਹੁਣ ਇਹ ਕਿਆਸ ਲਾਏ ਜਾ ਰਹੇ ਹਨ ਕਿ ਜੋਸ਼ੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ |