ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ ਅੱਜ ਖਤਮ ਹੋ ਰਹੀ ਹੈ।ਪੁਲਿਸ ਉਸ ਨੂੰ ਕੋਰਟ ‘ਚ ਅੱਜ ਦੁਬਾਰਾ ਪੇਸ਼ ਕਰੇਗੀ।20 ਅਪ੍ਰੈਲ ਨੂੰ ਹਨੀ ਦੀ ਕੋਰਟ ‘ਚ ਵਰਚੁਅਲ ਪੇਸ਼ੀ ਹੋਈ ਸੀ।ਕੋਰਟ ਨੇ ਹਨੀ ਨੂੰ ਕੋਈ ਨਾ ਦਿੰਦੇ ਹੋਏ 4 ਮਈ ਤਕ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਸੀ।
ਗੈਰ-ਕਾਨੂੰਨੀ ਮਾਈਨਿੰਗ ਕਰਕੇ ਮਨੀ ਲਾਂਡਰਿੰਗ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਪਕੜ ‘ਚ ਆਏ ਹਨੀ ਦੀ ਜ਼ਮਾਨਤ ਪਟੀਸ਼ਨ ‘ਤੇ ਵੀ ਅੱਜ ਮੁੜ ਸੁਣਵਾਈ ਹੋਵੇਗੀ। ਜ਼ਮਾਨਤ ਪਟੀਸ਼ਨ ‘ਤੇ ਪਿਛਲੀ ਸੁਣਵਾਈ 2 ਮਈ ਨੂੰ ਹੋਈ ਸੀ ਪਰ ਕੋਈ ਫੈਸਲਾ ਨਹੀਂ ਹੋਇਆ ਸੀ। ਹਨੀ ਦੀ ਜ਼ਮਾਨਤ ਪਟੀਸ਼ਨ ਉਸ ਦੇ ਵਕੀਲਾਂ ਨੇ 20 ਅਪ੍ਰੈਲ ਨੂੰ ਦਾਇਰ ਕੀਤੀ ਸੀ। ਇਸ ‘ਤੇ ਅਦਾਲਤ ਨੇ ਸੁਣਵਾਈ ਲਈ 27 ਅਪ੍ਰੈਲ ਦੀ ਤਰੀਕ ਤੈਅ ਕੀਤੀ ਸੀ।
27 ਅਪ੍ਰੈਲ ਨੂੰ ਬਚਾਅ ਪੱਖ ਅਤੇ ਈਡੀ ਦੇ ਵਕੀਲ ਦੀ ਅਦਾਲਤ ‘ਚ ਜ਼ਮਾਨਤ ਸਬੰਧੀ ਬਹਿਸ ਵੀ ਪੂਰੀ ਹੋ ਚੁੱਕੀ ਹੈ ਪਰ ਅਦਾਲਤ ਨੇ ਕੋਈ ਫੈਸਲਾ ਦੇਣ ਦੀ ਬਜਾਏ ਸੁਣਵਾਈ ਲਈ 30 ਅਪ੍ਰੈਲ ਦੀ ਤਰੀਕ ਪਾ ਦਿੱਤੀ ਸੀ | 30 ਅਪ੍ਰੈਲ ਨੂੰ ਵੀ ਦੋਵੇਂ ਵਕੀਲ ਅਦਾਲਤ ‘ਚ ਪੇਸ਼ ਹੋਏ, ਫਿਰ ਵੀ ਕੋਈ ਫੈਸਲਾ ਨਹੀਂ ਆਇਆ ਅਤੇ 2 ਮਈ ਦੀ ਤਰੀਕ ਪਾਈ ਗਈ ਪਰ ਪਿਛਲੀ ਤਰੀਕ ‘ਤੇ ਅਦਾਲਤ ਨੇ ਬਿਨਾਂ ਕੋਈ ਸੁਣਵਾਈ ਕੀਤੇ 4 ਮਈ ਦੀ ਤਰੀਕ ਦੇ ਦਿੱਤੀ ਸੀ |