ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਦੇ ਐਲਾਨ ਤੋਂ ਬਾਅਗ ਤਾਜਪੋਸ਼ੀ ਸਮਾਗਮ ਰੱਖਿਆ ਗਿਆ ਸੀ| ਜਿਸ ‘ਚ ਕਾਂਗਰਸੀਆਂ ਦੀ ਆਉਂਦੀ ਬੱਸ ਮੋਗਾ ਦੇ ਪਿੰਡ ਲੁਹਾਰਾ ਨਜ਼ਦੀਕ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਦੌਰਾਨ ਕੁਝ ਲੋਕਾਂ ਦੀ ਮੌਤ ਵੀ ਹੋਈ ਅਤੇ ਕਈ ਗੰਭੀਰ ਜ਼ਖਮੀ ਹੋਏ | ਇਨ੍ਹਾਂ ਜ਼ਖ਼ਮੀ ਵਿਅਕਤੀਆਂ ਦਾ ਹਾਲ-ਚਾਲ ਜਾਣਨ ਲਈ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਿਵਲ ਹਸਪਤਾਲ ਮੋਗਾ ਪਹੁੰਚੇ।ਇੱਥੇ ਸਿਹਤ ਮੰਤਰੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬਲਬੀਰ ਸਿੱਧੂ ਦੀ ਗੱਡੀ ਅੱਗੇ ਬਜ਼ੁਰਗ ਸਫਾਈ ਸੇਵਕਾ ਨੇ ਹੱਥ ਜੋੜੇ ਪਰ ਮੰਤਰੀ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।
ਇਸ ਦੇ ਨਾਲ ਹੀ ਸਿੱਧੂ ਦੇ ਗੰਨਮੈਨਾਂ ਨੇ ਗੱਡੀ ਦੀ ਬਾਰੀ ਕੋਲੋਂ ਧੱਕੇ ਮਾਰ ਕੇ ਔਰਤਾਂ ਨੂੰ ਪਾਸੇ ਕੀਤਾ।ਆਪਣੀ ਗੱਡੀ ਦਾ ਸ਼ੀਸ਼ਾ ਚੜ੍ਹਾ ਕੇ ਮੰਤਰੀ ਬਲਵੀਰ ਸਿੱਧੂ ਇੱਥੋਂ ਚਲਦੇ ਬਣੇ।ਇਸ ਉਪਰੰਤ ਜਦੋਂ ਬਲਬੀਰ ਸਿੱਧੂ ਡਾ. ਹਰਜੋਤ ਕਮਲ, ਵਿਧਾਇਕ ਦਰਸ਼ਨ ਸਿੰਘ ਬਰਾੜ, ਕੁਲਬੀਰ ਜ਼ੀਰਾ ਗੱਡੀ ‘ਚ ਸਵਾਰ ਹੋ ਕੇ ਜਾਣ ਲੱਗੇ ਤਾਂ ਸਿਵਲ ਹਸਪਤਾਲ ਮੋਗਾ ਵਿੱਚ ਬਤੌਰ ਸਫਾਈ ਸੇਵਕ ਕੰਮ ਕਰਦੀਆਂ ਮਹਿਲਾਵਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬਲਬੀਰ ਸਿੱਧੂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ।
ਸਫਾਈ ਸੇਵਕਾਂ ਨੇ ਕਿਹਾ ਕਿ ਜਦੋਂ ਵੀ ਕਿਸੇ ਮੰਤਰੀ ਜਾਂ ਵੱਡੇ ਅਧਿਕਾਰੀ ਨੇ ਆਉਣਾ ਹੁੰਦਾ ਤਾਂ ਸਾਨੂੰ ਤੜਕਸਾਰ ਹੀ ਬੁਲਾ ਲਿਆ ਜਾਂਦਾ ਹੈ ਪਰ ਜਦੋਂ ਕਿਸੇ ਮੰਤਰੀ ਨੂੰ ਮਿਲਣ ਦੀਆਂ ਕੋਸ਼ਿਸਾਂ ਕੀਤੀਆਂ ਜਾਂਦੀਆਂ ਹਨ ਤਾਂ ਸਾਨੂੰ ਕੋਲ ਵੀ ਨਹੀਂ ਜਾਣ ਦਿੱਤਾ ਜਾਂਦਾ।ਉਨ੍ਹਾਂ ਕਿਹਾ ਕਿ ਅੱਜ ਸਾਡੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਲਬੀਰ ਸਿੱਧੂ ਨੂੰ ਮੰਗ ਪੱਤਰ ਦੇਣਾ ਸੀ। ਹਾਲਾਂਕਿ ਵਿਧਾਇਕ ਵੱਲੋਂ ਮੰਗ ਪੱਤਰ ਦਾ ਜ਼ਰੂਰ ਫੜ ਲਿਆ ਗਿਆ ਪਰ ਸਾਨੂੰ ਪੰਜਾਬ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਕਿ ਉਹ ਸਾਡੀਆਂ ਮੰਗਾਂ ‘ਤੇ ਗੌਰ ਫਰਮਾ ਕੇ ਉਨ੍ਹਾਂ ਨੂੰ ਹੱਲ ਕਰਨਗੇ।