ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਮੁੜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਦੇ ਲਈ ਐਤਵਾਰ ਰਾਤ ਲਾਰੈਂਸ ਨੂੰ ਮੁਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਤੋਂ ਅੰਮ੍ਰਿਤਸਰ ਲਿਆਂਦਾ ਗਿਆ ਹੈ। ਇੱਥੇ ਲਾਰੈਂਸ ਨੂੰ ਮਾਲ ਮੰਡੀ ਸਥਿਤ ਐੱਸਐੱਸਓਸੀ ਵਿੱਚ ਰੱਖਿਆ ਗਿਆ ਸੀ।
ਅੱਜ ਸਵੇਰੇ ਉਸਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੰਮ੍ਰਿਤਸਰ ਪੁਲਿਸ ਇੱਕ ਵਾਰ ਫਿਰ ਲਾਰੇਂਸ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪੁਲਿਸ ਉਸ ਤੋਂ 3 ਅਗਸਤ 2021 ਨੂੰ ਹੋਏ ਰਾਣਾ ਕੰਧੋਵਾਲੀਆ ਕਤਲ ਕੇਸ ਵਿੱਚ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਦੀ ਜਾਂਚ ਟੀਮ ਪੁੱਛ-ਪੜਤਾਲ ਵਿੱਚ ਲੱਗੀ ਹੋਈ ਹੈ, ਪਰ ਅੰਮ੍ਰਿਤਸਰ ਪੁਲੀਸ ਨੂੰ ਪੁੱਛ-ਪੜਤਾਲ ਦੌਰਾਨ ਕੀ ਪਤਾ ਲੱਗਾ ਅਤੇ ਹੁਣ ਤੱਕ ਕਿਹੜੇ ਸੁਰਾਗ ਮਿਲੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਮਾਲ ਮੰਡੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ
ਦੂਜੇ ਪਾਸੇ ਲਾਰੈਂਸ ਬਿਸ਼ਨੋਈ ਦੇ ਅੰਮ੍ਰਿਤਸਰ ਪਹੁੰਚਣ ਤੋਂ ਪਹਿਲਾਂ ਹੀ ਮਾਲ ਮੰਡੀ ਵਿਖੇ ਐੱਸਐੱਸਓਸੀ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸੀਸੀਟੀਵੀ ਵਾਲੀਆਂ ਵੈਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ ਤਾਂ ਜੋ ਸੁਰੱਖਿਆ ਵਿਚ ਕੋਈ ਕੁਤਾਹੀ ਨਾ ਹੋ ਸਕੇ।