ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਬਾਦਲ, ਭਾਜਪਾ ਅਤੇ ਕੈਪਟਨ ਦੇ ਗਠਜੋੜ ਦੀ ਸਰਕਾਰ ਨਹੀਂ ਬਣੇਗੀ, ਭਾਜਪਾ ਵਾਲੇ ਅਕਾਲੀ ਦਲ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਜਿੰਨਾ ਮਰਜੀ ਮਜ਼ਬੂਤ ਗੱਠਜੋੜ ਕਰ ਲੈਣ। ਮਾਨ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਨੂੰ ਧੋਖ਼ਾ ਦਿੱਤਾ ਹੈ। ਇਸ ਲਈ ਪੰਜਾਬ ਦੇ ਵੋਟਰਾਂ ਨੇ ਇਨਾਂ ਰਿਵਾਇਤੀ ਪਾਰਟੀਆਂ ਨੂੰ ਮੁੱਢ ਤੋਂ ਹੀ ਨਾਕਾਰ ਦਿੱਤਾ ਹੈ ਪਰ ਸੱਤਾ ਦੇ ਲਾਲਚ ‘ਚ ਪਈਆਂ ਰਿਵਾਇਤੀ ਪਾਰਟੀਆਂ ਇੱਕਜੁਟ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਲਈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂ ਅਮਿਤ ਸ਼ਾਹ ਤੇ ਹੋਰ ਆਗੂ ਪੰਜਾਬ ‘ਚ ਸਰਕਾਰ ਬਣਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦੇ ਕੌਮੀ ਆਗੂ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ‘ਚ ਸਰਕਾਰ ਬਣਾਉਣ ਲਈ ਅਕਾਲੀ ਦਲ ਬਾਦਲ ਨਾਲ ਗੱਠਜੋੜ ਹੋਣ ਦੀ ਹਾਮੀ ਭਰਦੇ ਹਨ ਅਤੇ ਉਨ੍ਹਾਂ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਭਾਜਪਾ ਨਾਲ ਗੱਠਜੋੜ ਹੋਣ ਦਾ ਐਲਾਨ ਕੀਤਾ ਸੀ। ਮਾਨ ਨੇ ਕਿਹਾ ਕਿ ਇਨਾਂ ਆਗੂਆਂ ਵੱਲੋਂ ਕੀਤੇ ਦਾਅਵੇ ਤੋਂ ਇਹ ਸਾਬਿਤ ਹੋ ਗਿਆ ਕਿ ਕਿਸਾਨਾਂ, ਮਜ਼ਦੂਰਾਂ ਅਤੇ ਆਮ ਪੰਜਾਬੀਆਂ ਦੀਆਂ ਵੋਟਾਂ ਲੈਣ ਲਈ ਹੀ ਅਕਾਲੀ ਦਲ ਬਾਦਲ ਭਾਜਪਾ ਤੋਂ ਵੱਖ ਹੋਇਆ ਸੀ, ਜਦਕਿ ਸੱਚ ਇਹ ਹੈ ਕਿ ਅਕਾਲੀ ਦਲ ਬਾਦਲ ਅਤੇ ਭਾਜਪਾ ਇੱਕੋ ਥਾਲੀ ਦੇ ਚੱਟੇ-ਬੱਟੇ ਹਨ। ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਅਲੱਗ ਹੋ ਅਤੇ ਚੋਣਾਂ ਲੜ ਕੇ ਕਿਸਾਨਾਂ ਅਤੇ ਪੰਜਾਬੀਆਂ ਦੀਆਂ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਨੇ ਕਿਸਾਨ ਵਿਰੋਧੀ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਕੇਂਦਰ ਸਰਕਾਰ ‘ਚ ਰਹਿ ਕੇ ਸਮਰਥਨ ਕੀਤਾ ਸੀ ਅਤੇ ਬਾਹਰ ਅਖਬਾਰਾਂ ਰਾਹੀਂ ਇਨਾਂ ਕਾਲੇ ਕਾਨੂੰਨਾਂ ਦੀ ਪੈਰਵੀ ਕੀਤੀ ਸੀ ਪਰ ਕਿਸਾਨੀ ਸੰਘਰਸ਼ ਦੇ ਡਰ ਕਾਰਨ ਬਾਦਲਾਂ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਜੋ ਡਰਾਮਾ ਕੀਤਾ ਸੀ, ਉਸ ਡਰਾਮੇ ਤੋਂ ਮਜੀਠੀਆ ਨੇ ਪਰਦਾ ਹਟਾ ਦਿੱਤਾ ਸੀ।
ਮਾਨ ਨੇ ਕਿਹਾ ਕਿ ਹੁਣ ਭਾਜਪਾ ਦੇ ਕੌਮੀ ਆਗੂ ਅਮਿਤ ਸ਼ਾਹ ਅਤੇ ਪੰਜਾਬ ਤੋ ਉਮੀਦਵਾਰ ਫਤਿਹਜੰਗ ਬਾਜਵਾ ਨੇ ਵੀ ਸੂਬੇ ‘ਚ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਅਤੇ ਇਸ ਦੇ ਲਈ ਅਕਾਲੀ ਦਲ ਬਾਦਲ ਨਾਲ ਗਠਜੋੜ ਹੋਣ ਦੀ ਪੁਸ਼ਟੀ ਕੀਤੀ ਹੈ। ਉਨਾਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਧੋਖ਼ਾ ਦੇਣ ਵਾਲਿਆਂ ਦੀਆਂ ਉਮੀਦਾਂ ਖਿਲਾਫ਼ ਆਉਣਗੇ, ਕਿਉਂਕਿ ਪੰਜਾਬ ਦੇ ਲੋਕਾਂ ਨੇ ਸੱਤਾ ਬਦਲੀ ਲਈ ਵੋਟਾਂ ਪਾਈਆਂ ਹਨ, ਜਿਸ ਤੋਂ ਸਾਫ਼ ਸੰਦੇਸ਼ ਆ ਗਿਆ ਕਿ ਇਸ ਵਾਰ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।