ਲੰਡਨ: ਵਿਸ਼ਵ ਜੰਗ ਵਿਚ ਇੰਗਲੈਡ ਲਈ ਸ਼ਹੀਦ ਹੋਣ ਵਾਲੇ ਸਿੱਖ ਫੌਜੀਆਂ ਦੀ ਯਾਦ ਵਿਚ ‘ਦ ਨੈਸ਼ਨਲ ਸਿੱਖ ਮੈਮੋਰੀਅਲ ਟਰੱਸਟ’ ਵੱਲੋਂ ਬਣਾਈ ਜਾ ਰਹੀ ਯਾਦਗਾਰ ਲਈ ਪੰਜਾਬੀ ਕਾਰੋਬਾਰੀ ਨੇ 20,000 ਪੌਂਡ ਦਾ ਯੋਗਦਾਨ ਦਿੱਤਾ ਹੈ। ਇਸ ਦੇ ਚਲਦਿਆਂ ਉੱਘੇ ਕਾਰੋਬਾਰੀ ਰਾਜਿੰਦਰਬੀਰ ਸਿੰਘ ਰਮਨ ਭੈਣੀ ਸਿੱਧਵਾਂ ਨੇ ਪਰਿਵਾਰ ਸਮੇਤ ਇੰਗਲੈਡ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਕੀਤੀ।
ਢੇਸੀ ਨੇ ਕਿਹਾ ਇਹ ਯਾਦਗਾਰ 2024 ਤੱਕ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਭੈਣੀ ਪਰਿਵਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਪਾਏ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਮਨ ਭੈਣੀ ਨੇ ਕਿਹਾ ਕਿ ਸਿੱਖ ਇਤਿਹਾਸ ਨੂੰ ਸੰਭਾਲਣ ਵਾਲੇ ਪ੍ਰਾਜੈਕਟਾਂ ਵਿਚ ਸਹਿਯੋਗ ਦੇਣਾ ਸਾਡਾ ਫਰਜ਼ ਹੈ।
ਦੱਸ ਦੇਈਏ ਕਿ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਬ੍ਰਿਟਿਸ਼ ਭਾਰਤੀ ਫ਼ੌਜ ਵਿਚ 20 ਪ੍ਰਤੀਸ਼ਤ ਤੋਂ ਵੱਧ ਗਿਣਤੀ ਸਿੱਖਾਂ ਦੀ ਸੀ। ਹਾਲ ਹੀ ਵਿਚ ਬ੍ਰਿਟੇਨ ਲਈ ਸੰਘਰਸ਼ ਕਰਨ ਵਾਲੇ ਸਿੱਖਾਂ ਦੇ ਸਨਮਾਨ ਲਈ ਯੂਕੇ ਦੇ ਸ਼ਹਿਰ ਲੈਸਟਰ ਵਿਚ ਇਕ ਸਿੱਖ ਫ਼ੌਜੀ ਦੇ ‘ਬੁੱਤ’ ਦਾ ਉਦਘਾਟਨ ਕੀਤਾ ਗਿਆ ਸੀ।