ਪੰਜਾਬ ਦੇ ਵਿੱਚ ਹਰ ਆਏ ਦਿਨ ਕਤਲ ਦੀ ਵਾਰਦਾਤ ਹੁੰਦੀ ਹੈ ਜਿਸ ਦੀ ਬਾਅਦ ਵਿੱਚ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਜਾਂਦੀ ਹੈ | ਬੀਤੇ ਦਿਨ ਵੀ ਮੋਹਾਲੀ ਦੇ ਵਿੱਚ ਚਿੱਟੇ ਦਿਨ ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦਾ ਕਤਲ ਕੀਤਾ ਗਿਆ ਹੈ | ਇਸ ਮਾਮਲੇ ਵਿੱਚ ਲੌਰੈਂਸ ਬਿਸ਼ਨੋਈ ਗੈਂਗ ਨੇ ਵੱਡਾ ਦਾਅਵਾ ਕੀਤਾ ਹੈ। ਲੌਰੈਂਸ ਬਿਸ਼ਨੋਈ ਗਰੁੱਪ ਦੇ ਨਾਂ ਹੇਠ ਪੋਸਟ ਪਾ ਕੇ ਵਿੱਕੀ ਦੇ ਕਾਤਲਾਂ ਨੂੰ ਮਾਰਨ ਦੀ ਚਿਤਾਵਨੀ ਦਿੱਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਵਿੱਕੀ ਦਾ ਉਨ੍ਹਾਂ ਦੇ ਜ਼ੁਰਮਾਂ ਨਾਲ ਕੋਈ ਲੈਣ-ਦੇਣ ਨਹੀਂ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਹੈ, ਉਹ ਆਪਣੀ ਮੌਤ ਦੀ ਤਿਆਰੀ ਕਰ ਲਵੇ। ਇਸ ਦਾ ਰਿਜਲਟ ਥੋੜ੍ਹੇ ਦਿਨਾਂ ਵਿੱਚ ਮਿਲ ਜਾਏਗਾ।
ਬੀਤੇ ਕੱਲ੍ਹ ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਂਝ ਪੁਲਿਸ ਨੂੰ ਲੌਰੈਂਸ ਬਿਸ਼ਨੋਈ ਗਰੁੱਪ ਉੱਪਰ ਵੀ ਸ਼ੱਕ ਸੀ ਪਰ ਅੱਜ ਬਿਸ਼ਨੋਈ ਗਰੁੱਪ ਨੇ ਆਪਣਾ ਪੱਖ ਸਪੱਸ਼ਟ ਕਰ ਦਿੱਤਾ ਹੈ।
ਉਧਰ, ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਿਦਿਆਰਥੀ ਰਾਜਨੀਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਮੁੱਖ ਆਗੂ ਵਜੋਂ ਰਾਜਨੀਤੀ ’ਚ ਪੈਰ ਰੱਖਣ ਵਾਲੇ ਵਿਕੀ ਮਿੱਡੂਖੇੜਾ ਦੀ ਨੌਜਵਾਨਾਂ ’ਚ ਚੰਗੀ ਪਕੜ ਸੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਦਿੱਤੀ।