ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਮ ’ਤੇ ਸੰਦੇਸ਼ ਦਿੱਤਾ । ਇਸ ਮੌਕੇ ਜਥੇਦਾਰ ਨੇ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਧਾਰਮਿਕ ਤੌਰ ’ਤੇ ਮਜ਼ਬੂਤ ਹੋਣਾ ਪਵੇਗਾ ।
ਜਥੇਦਾਰ ਨੇ ਇਕ ਮੌਕੇ ਪੰਥਕ ਧਿਰਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਏ.ਸੀ. ਕਮਰਿਆਂ ਵਿੱਚੋਂ ਬਾਹਰ ਨਿਕਲ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 6 ਜੂਨ 1984 ਨੂੰ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੇ ਅੱਜ ਦੇ ਦਿਨ ਹੋਏ ਹਮਲੇ ਨੂੰ ਅੱਜ ਵੀ ਲੋਕ ਯਾਦ ਕਰਕੇ ਕੰਬਦੇ ਹਨ।
ਪਹਿਲਾਂ ਵਾਂਗ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੂਨ 1984 ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਅਰਦਾਸ ਕਰਨ ਉਪਰੰਤ ਕੌਮ ਦੇ ਨਾਮ ਸੰਦੇਸ਼ ਦਿੱਤਾ।ਉਹਨਾਂ ਆਪਣੇ ਸੰਦੇਸ਼ ‘ਚ ਸਿੱਖੀ ਦੇ ਪ੍ਰਚਾਰ-ਪ੍ਰਸਾਰ ‘ਤੇ ਜ਼ੋਰ ਦੇਣ ਲਈ ਪ੍ਰੇਰਿਆ।
ਜਥੇਦਾਰ ਨੇ ਕਿਹਾ ਪੰਥ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ।ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਇੱਕਜੁੱਟ ਹੋਣ ਦਾ ਸੁਨੇਹਾ ਦਿੱਤਾ।ਉਨ੍ਹਾਂ ਅਗੇ ਕਿਹਾ ਕਿ ਸਿੱਖਾਂ ਨੂੰ ” ਆਰਥਿਕ, ਧਾਰਮਿਕ ਤੌਰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਈ, ਇਸ ਲਈ ਸਾਨੂੰ ਧਾਰਮਿਕ ਤੌਰ ‘ਤੇ ਮਜ਼ਬੂਤ ਹੋਣ ਦੀ ਲੋੜ ਹੈ।”
ਜਥੇਦਾਰ ਨੇ ਨੌਜਵਾਨਾਂ ਨੂੰ ਸ਼ਸਤਰ ਵਿੱਦਿਆ ਲੈਣ ਦੀ ਲੋੜ ਦੱਸੀ।ਉਹਨਾਂ ਕਿਹਾ ਕਿ ਅਸੀਂ ਖੁੱਲ੍ਹੇਆਮ ਸ਼ਸਤਰਾਂ ਦੀ ਟ੍ਰੇਨਿੰਗ ਦੇਵਾਂਗੇ। ਮੱਲ ਅਖਾੜਿਆਂ ਦੀ ਤਰ੍ਹਾਂ ਗਤਕਾ ਐਕਡਮੀਆਂ ਬਣਨੀਆਂ ਚਾਹੀਦੀਆਂ ਹਨ।ਸ਼ਸਤਰ ਅਭਿਆਸ ਦੇ ਟ੍ਰੇਨਿੰਗ ਸੈਂਟਰ ਬਣਾਏ ਜਾਣੇ ਚਾਹੀਦੇ ਹਨ।