ਸਿੱਖ ਇਤਿਹਾਸ ‘ਚ ਸ਼ਹੀਦੀ ਪ੍ਰੰਪਰਾ ਦਾ ਆਰੰਭ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਹੁੰਦਾ ਹੈ। ਇਸ ਸ਼ਹੀਦੀ ਪ੍ਰੰਪਰਾ ‘ਚ ਯੋਗਦਾਨ ਪਾਉਂਣ ਵਾਲੇ ਸਿੰਘ-ਸਿੰਘਣੀਆਂ ’ਚੋਂ ਭਾਈ ਤਾਰੂ ਸਿੰਘ ਜੀ ਉਹ ਮਹਾਨ ਸ਼ਹੀਦ ਹਨ, ਜਿੰਨਾਂ ਸਿੱਖੀ ਨੂੰ ਕੇਸਾਂ ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਉਤਰਵਾ ਲਈ ਪਰ ਧਰਮ ਨਹੀਂ ਹਾਰਿਆ। ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ ਅਕਤੂਬਰ 1720 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪੂਹਲਾ ‘ਚ ਭਾਈ ਜੋਧ ਸਿੰਘ ਅਤੇ ਮਾਤਾ ਧਰਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਹ ਖੇਤੀਬਾੜੀ ਕਰਨ ਵਾਲੇ ਸਿਦਕੀ ਸਿੱਖ ਸਨ, ਜੋ ਆਪਣੀ ਮਾਤਾ ਤੇ ਭੈਣ ਨਾਲ ਸਾਦਾ ਅਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ। 1716 ਈ. ‘ਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਾਥੀ ਸਿੰਘਾਂ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦਾ ਖੁਰਾ-ਖੋਜ ਮਿਟਾਉਂਣ ਲਈ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅਜਿਹੇ ਹਲਾਤਾਂ ‘ਚ ਸਿੱਖਾਂ ਨੇ ਜੰਗਲਾਂ ਵਿਚ ਨਿਵਾਸ ਕਰਕੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦਾ ਟਾਕਰਾ ਕਰਨਾ ਠੀਕ ਸਮਝਿਆ। ਇਸ ਔਖੀ ਘੜੀ ‘ਚ ਭਾਈ ਤਾਰੂ ਸਿੰਘ ਜੀ ਆਪਣੇ ਪਰਿਵਾਰ ਨਾਲ ਮਿਲ ਕੇ ਸਿੰਘਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਲੱਗੇ। ਜਿਸ ਕਾਰਨ ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਦੇ ਕੰਨ ਭਰ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਜੀ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜ਼ੁਰਮ ਵਜੋਂ ਬਹੁਤ ਤਸੀਹੇ ਦਿੱਤੇ ਅਤੇ ਧਰਮ ਤਿਆਗਣ ਲਈ ਜ਼ੋਰ ਪਾਇਆ। ਪਰ ਭਾਈ ਸਾਹਿਬ ਜੀ ਅਡੋਲ ਰਹੇ ਤੇ ਉਨ੍ਹਾਂ ਨੇ ਕੇਸ ਕਤਲ ਕਰਾ ਕੇ ਮੁਸਲਮਾਨ ਹੋ ਜਾਣ ਦੀ ਗੱਲ ਨਾ ਮੰਨੀ ।
ਨਵਾਬ ਕਹੈ ਤੂੰ ਹੋ ਮੁਸਲਮਾਨ ।। ਤਉ ਛਡਾਂਗਾ ਤੁਮਰੀ ਜਾਨ।।
ਸਿੰਘ ਕਹਯੋ ਹਮ ਡਰ ਕਯਾ ਯਾਨੋ ।। ਹਮ ਹੋਵੈ ਕਿਮ ਮੁਸਲਮਾਨੋ ।।
ਜ਼ਕਰੀਆ ਖਾਨ ਨੇ ਗੁੱਸੇ ‘ਚ ਆ ਕੇ ਸਖ਼ਤ ਸਜ਼ਾ ਦੇਣ ਦਾ ਐਲਾਨ ਕੀਤਾ ਤੇ ਭਾਈ ਤਾਰੂ ਸਿੰਘ ਜੀ ਦੀ ਕੇਸਾਂ ਸਮੇਤ ਖੋਪਰੀ ਉਤਾਰਣ ਦਾ ਹੁਕਮ ਸੁਣਾ ਦਿੱਤਾ। ਜ਼ੱਲਾਦ ਨੇ ਤਿੱਖੀ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਕੇਸਾਂ ਸਮੇਤ ਸਿਰ ਤੋਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ। ਇਸ ਕਸ਼ਟ ਨੂੰ ਸਹਾਰਦਿਆਂ ਭਾਈ ਸਾਹਿਬ ਜੀ ਨੇ ਸੀ ਤੱਕ ਨਹੀਂ ਉਚਾਰੀ, ਸਗੋਂ ਅਕਾਲ-ਪੁਰਖ ਦੇ ਭਾਣੇ ਨੂੰ ਮਿੱਠਾ ਕਰ ਕੇ ਮੰਨ ਲਿਆ।
ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:
ਜਿਮ ਜਿਮ ਸਿੰਘ ਕੋ ਤੁਰਕ ਸਤਾਵੈ ।।
ਤਿਮ ਤਿਮ ਮੁਖ ਸਿੰਘ ਲਾਲੀ ਆਵੈ ।।
ਕਿਹਾ ਜਾਂਦਾ ਹੈ ਕਿ ਖੋਪਰੀ ਲਾਹੇ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ। ਦੂਜੇ ਪਾਸੇ ਜਦੋਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਉਸ ਵੇਲੇ ਜ਼ਕਰੀਆ ਖਾਨ ਦੇ ਢਿੱਡ ‘ਚ ਪੀੜ ਉੱਠੀ ਅਤੇ ਪਿਸ਼ਾਬ ਬੰਦ ਹੋ ਗਿਆ। ਜ਼ਕਰੀਆ ਖਾਨ ਤੜਫ਼ਣ ਲੱਗਾ, ਕਿਸੇ ਵੈਦ ਦੀ ਦਵਾਈ ਨੇ ਅਸਰ ਨਾ ਕੀਤਾ ਤਾਂ ਕਹਿੰਦੇ ਨੇ ਜ਼ਕਰੀਆ ਖਾਨ ਨੇ ਸਿੱਖ ਪੰਥ ਕੋਲ ਭੁੱਲ ਬਖਸ਼ਾਉਂਣ ਦਾ ਸੁਨੇਹਾ ਭੇਜਿਆ, ਜਿਹੜਾ ਪ੍ਰਵਾਨ ਨਾ ਹੋਇਆ, ਫਿਰ ਭਾਈ ਤਾਰੂ ਸਿੰਘ ਜੀ ਤੱਕ ਬੇਨਤੀ ਪੁੱਜੀ ਤਾਂ ਭਾਈ ਸਾਹਿਬ ਜੀ ਨੇ ਆਪਣੀ ਜੁੱਤੀ ਜ਼ਕਰੀਆ ਖਾਨ ਦੇ ਸਿਰ ‘ਤੇ ਮਾਰਨ ਲਈ ਦੇ ਦਿੱਤੀ । ਜਿਵੇਂ-ਜਿਵੇਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਦੇ ਸਿਰ ‘ਤੇ ਵੱਜਦੀ ਉਸਨੂੰ ਪਿਸ਼ਾਬ ਆਉਂਦਾ ਸੀ। ਇਸ ਤਰਾਂ ਜ਼ਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾਂਦਾ ਹੋਇਆ ਇਸ ਰੋਗ ਨਾਲ ਮਰ ਗਿਆ। ਭਾਈ ਤਾਰੂ ਸਿੰਘ ਜੀ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾ ਕੇ 1745 ਈ: ਨੂੰ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ । ਭਾਈ ਤਾਰੂ ਸਿੰਘ ਜੀ ਦੀ ਸਿੱਖੀ ਲਈ ਅਨੋਖੀ ਸ਼ਹਾਦਤ ਨੂੰ ਪੰਥ ਆਪਣੀ ਨਿੱਤ ਦੀ ਅਰਦਾਸ ਵਿਚ ਰੋਜ਼ਾਨਾ ਯਾਦ ਕਰਦਾ ਹੈ।