ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਸਿਆਸੀ ਅਖਾੜਾ ਤਿਆਰ ਹੈ। ਸ਼੍ਰੋਮਣੀ ਅਕਾਲੀ ਦਲ ਲਗਾਤਾਰ ਵੱਡੀਆਂ ਰੈਲੀਆਂ ਕਰ ਰਿਹਾ ਹੈ। ਬੁੱਧਵਾਰ ਨੂੰ ਡੇਰਾ ਬਾਬਾ ਨਾਨਕ ਵਿੱਚ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰ ਫਿਰ ਹੁੰਕਾਰ ਭਰੀ ਹੈ ।
ਇਸ ਦੌਰਾਨ ਉਨ੍ਹਾਂ ਵਾਅਦਿਆਂ ਦੀ ਭੜਾਸ ਕੱਢਦੇ ਹੋਏ ਵਿਰੋਧੀ ਧਿਰ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ 1000 ਰੁਪਏ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਉੱਥੇ ਔਰਤਾਂ ਨੂੰ ਅਜਿਹੀ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ, ਜਦਕਿ ਪੰਜਾਬ ‘ਚ ਕੇਜਰੀਵਾਲ ਅਜਿਹੇ ਐਲਾਨ ਕਰਕੇ ਜਨਤਾ ਨੂੰ ਲੁਭਾਉਣਾ ਚਾਹੁੰਦੇ ਹਨ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆੜੇ ਹੱਥੀਂ ਲਿਆ। ਰੰਧਾਵਾ ‘ਤੇ ਗੈਂਗਸਟਰਾਂ ਦੀ ਹਮਾਇਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਰੰਧਾਵਾ ਗ੍ਰਹਿ ਮੰਤਰੀ ਹੋਣ ਦਾ ਪੂਰਾ ਫਾਇਦਾ ਉਠਾ ਕੇ ਪੁਲਿਸ ਨੂੰ ਵਿਰੋਧੀਆਂ ਖਿਲਾਫ ਵਰਤ ਰਿਹਾ ਹੈ। ਰੰਧਾਵਾ ਹਰ ਤਰ੍ਹਾਂ ਦੇ ਮਾਫੀਆ ਨੂੰ ਸਮਰਥਨ ਦੇ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਈ ਤਾਂ ਰੰਧਾਵਾ ਨੂੰ ਜੇਲ੍ਹ ਭੇਜਿਆ ਜਾਵੇਗਾ।