ਕਾਂਗਰਸ ਚੋਂ ਟਿਕਟ ਕੱਟੇ ਜਾਣ ਤੋਂ ਬਾਅਦ ਭਾਜਪਾ ਦਾ ਪੱਲਾ ਫੜ੍ਹਣ ਵਾਲੇ ਅਤੇ ਮੋਗਾ ਤੋਂ ਵਿਧਾਇਕ ਹਰਜੋਤ ਕਮਲ ਦਾ ਇਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਹੈ। ਮੋਗਾ ਤੋਂ ਟਿਕਟ ਕੱਟੇ ਜਾਣ ਤੋਂ ਬਾਅਦ ਹਰਜੋਤ ਕਮਲ ਨੇ ਪ੍ਰੋ-ਪੰਜਾਬ ਦੇ ਪੱਤਰਕਾਰ ਬਿਕਰਮ ਸਿੰਘ ਕੰਬੋਜ਼ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਾਂਗਰਸ ਪਾਰਟੀ ਖਿਲਾਫ ਆਪਣੀ ਪ੍ਰਤੀਕਿਰਿਆ ਦਿੰਦਿਆਂ ਆਪਣਾ ਦੁੱਖ ਸਾਂਝਾ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕਾਂਗਰਸ ਨਹੀਂ ਛੱਡੀ ਕਾਂਗਰਸ ਨੇ ਮੈਨੂੰ ਅਤੇ ਮੋਗਾ ਦੇ ਕਾਂਗਰਸੀ ਵਰਕਰਾਂ ਨੂੰ ਦਰਕਿਨਾਰ ਕਰ ਦਿੱਤਾ ਅਤੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਮੋਗਾ ਤੋਂ ਟਿਕਟ ਦੇ ਦਿੱਤੀ।
ਉਨ੍ਹਾਂ ਕਿਹਾ ਕਿ ਸਾਰੇ ਨਿਊਜ਼ ਚੈਨਲਾਂ ‘ਚ ਇਹ ਹੀ ਚੱਲ ਰਿਹਾ ਹੈ ਕਿ ਕਾਂਗਰਸੀ ਵਰਕਰ ਹਰਜੋਤ ਕਮਲ ਨੇ ਕਾਂਗਰਸ ਨੂੰ ਛੱਡ ਭਾਜਪਾ ‘ਚ ਸ਼ਾਮਲ ਹੋ ਗਏ ਪਰ ਅਜਿਹਾ ਨਹੀਂ ਹੈ ਮੈਂ ਕਾਂਗਰਸ ਨਹੀਂ ਛੱਡੀ ਕਾਂਗਰਸ ਨੇ ਮੈਨੂੰ ਮੱਖਣ ਚੋਂ ਵਾਲ ਵਾਂਗ ਕੱਢਕੇ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਲੱਗ ਰਿਹਾ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੇ ਕਾਂਗਰਸ ‘ਚ ਸ਼ਾਮਲ ਹੋਣ ਤੋਂ ਬਾਅਦ ਹੁਣ ਸਾਨੂੰ ਹਰਜੋਤ ਕਮਲ ਅਤੇ ਮੋਗਾ ਦੇ ਕਾਂਗਰਸੀ ਵਰਕਰਾਂ ਦੀ ਜ਼ਰੂਰਤ ਹੀ ਨਹੀਂ, ਸਾਨੂੰ ਜਤਾਉਣ ਲਈ ਉਹ ਹੀ ਕਾਫੀ ਹੈ, ਇਸ ਲਈ ਸਾਨੂੰ ਇਨ੍ਹਾਂ ਦਰਕਿਨਾਰ ਕਰ ਦਿੱਤਾ ਹੈ।