ਸੁਰੱਖਿਆ ਨੂੰ ਲੈ ਕੇ ਲੋਕਾਂ ’ਚ ਆਪਣਾ ਪ੍ਰਭਾਵ ਬਣਾਉਣ ਵਾਲਿਆਂ ਦੀ ਸੁਰੱਖਿਆ ’ਤੇ ਪੰਜਾਬ ਪੁਲਸ ਵੱਲੋਂ ਲਗਾਤਾਰ ਕੈਂਚੀ ਚਲਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਅੱਜ ਫਿਰ ਸਾਬਕਾ ਵਿਧਾਇਕਾ, ਸਾਬਕਾ ਐੱਮ.ਪੀ., ਸਾਬਕਾ ਪੁਲਸ ਅਫ਼ਸਰਾਂ ਸਮੇਤ ਡੇਰਾ ਮੁੱਖੀਆਂ ਤੋਂ ਸੁਰੱਖਿਆ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਅੱਜ 424 ਵਿਅਕਤੀਆਂ ਤੋਂ ਸੁਰੱਖਿਆ ਵਾਪਸ ਲਈ ਗਈ ਹੈ। ਇਨ੍ਹਾਂ ਵਿਚ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਵੀ ਸ਼ਾਮਲ ਹਨ।
ਉਧਰ, ਸੁਰੱਖਿਆ ਵਾਪਸ ਲੈਣ ‘ਤੇ ਬਾਜਵਾ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਹਾਈਕੋਰਟ ਵੱਲੋਂ ਸੁਰੱਖਿਆ ਦਿੱਤੀ ਗਈ ਹੈ, ਜੇਕਰ ਅੱਜ ਸ਼ਾਮ ਤੱਕ ਸੁਰੱਖਿਆ ਵਾਪਸ ਨਾ ਮਿਲੀ ਤਾਂ ਉਹ ਸੋਮਵਾਰ ਨੂੰ ਅਦਾਲਤ ਦਾ ਰੁਖ ਕਰਨਗੇ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਦੇਸ਼ ਤੇ ਸੂਬੇ ਲਈ ਅੱਤਵਾਦ ਖਿਲਾਫ ਲੜਦਿਆਂ ਕੁਰਬਾਨੀਆਂ ਦਿੱਤੀਆਂ ਹਨ।
ਸਾਡੇ ਪਰਿਵਾਰ ‘ਤੇ ਬੰਬ ਧਮਾਕੇ ਹੋਏ ਹਨ। ਮੇਰੀ ਸੁਰੱਖਿਆ ਹਾਈਕੋਰਟ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੀ ਸੁਰੱਖਿਆ ਪੰਜਾਬ ਸਰਕਾਰ ਦੀ ਜ਼ਿਮੇਵਾਰੀ ਹੈ। ਉਨ੍ਹਾਂ ਨੇ ਆਪਣੇ ਪਰਿਵਾਰਾਂ ਦੇ 5-5 ਮੈਂਬਰ ਵਾਰੇ ਹਨ। ਇਨ੍ਹਾਂ ਦਾ ਕੀ ਯੋਗਦਾਨ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਾਘਵ ਚੱਢਾ ਵਰਗੇ 50-50 ਗੰਨਮੈਨ ਲਈ ਫਿਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਹਾਈਕੋਰਟ ਜਾ ਕੇ ਸੁਰੱਖਿਆ ਵਾਪਸ ਲੈ ਹੀ ਲਵਾਂਗਾ ਪਰ ਜਿਹੜੇ ਸਾਡੇ ਸਾਥੀ ਹਮੇਸ਼ਾਂ ਲੋਕਾਂ ਦੇ ਵਿੱਚ ਰਹਿੰਦੇ ਹਨ, ਜਿਨ੍ਹਾਂ ਦੀਆਂ ਜਾਨਾਂ ਨੂੰ ਖਤਰਾ ਹੈ, ਇਹ ਸਰਕਾਰ ਨੂੰ ਪਤਾ ਹੋਵੇਗਾ ਕਿ ਉਹ ਸਾਬਤ ਕੀ ਕਰਨਾ ਚਾਹੁੰਦੇ ਹਨ।