ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈਕੇ ਪਰਿਵਾਰ ਵੱਲੋਂ ਪੁਲਿਸ ਦੇ ਇਲਜਾਮ ਲਗਾਉਣ ਤੋਂ ਬਾਅਦ ਹਾਲੇ ਤੱਕ ਸਸਕਾਰ ਨਹੀਂ ਕੀਤਾ ਗਿਆ| ਗੈਂਗਸਟਰ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਨੂੰ ਲੈ ਕੇ ਪਰਿਵਾਰ ਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੋ ਗਏ ਹਨ। ਭੁੱਲਰ ਦੇ ਘਰ ਦੇ ਬਾਹਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਚਿਪਕਾ ਦਿੱਤਾ। ਮਕਾਨ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਮ੍ਰਿਤਕ ਦੇਹ ਦੀ ਜਾਂਚ ਲਈ ਡਾਕਟਰਾਂ ਦੀ ਇਕ ਟੀਮ ਬਣਾਈ ਗਈ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੈਪਾਲ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਮੋਰਚਰੀ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਹਨ ਪਰ ਜੈਪਾਲ ਦੇ ਪਰਿਵਾਰਕ ਮੈਂਬਰਾਂ ਨੇ ਜੈਪਾਲ ਦੀ ਲਾਸ਼ ਨੂੰ ਸਰਕਾਰੀ ਮੁਰਦਾ ਘਰ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਜੈਪਾਲ ਦੀ ਮ੍ਰਿਤਕ ਦੇਹ ਦਾ ਦੂਸਰੀ ਵਾਰ ਪੋਸਟ ਮਾਰਟਮ ਕਰਵਾਉਣ ਦਾ ਫੈਸਲਾ ਪੰਜਾਬ-ਹਰਿਆਣਾ ਹਾਈਕੋਰਟ ਨੂੰ ਹੀ ਸੌਂਪ ਦਿੱਤਾ ਹੈ ਅਤੇ 21 ਜੂਨ ਨੂੰ ਇਸ ਪਟੀਸ਼ਨ ‘ਤੇ ਦੁਬਾਰਾ ਸੁਣਵਾਈ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਭੁੱਲਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਅੰਤਿਮ ਸੰਸਕਾਰ ਨੂੰ ਰੋਕ ਦਿੱਤਾ ਸੀ। ਉਨ੍ਹਾਂ ਜੈਪਾਲ ਦਾ ਪੋਸਟ ਮਾਰਟਮ ਇੱਕ ਵਾਰ ਫਿਰ ਕਰਵਾਉਣ ਦੀ ਮੰਗ ਰੱਖੀ ਸੀ। ਗੈਂਗਸਟਰ ਦੇ ਪਿਤਾ ਨੇ ਕਿਹਾ ਸੀ ਕਿ ਬੰਗਾਲ ਪੁਲਿਸ ਨੇ ਉਸ ਦਾ ਫੇਕ ਐਨਕਾਊਂਟਰ ਕੀਤਾ ਹੈ। ਉਸ ਦੇ ਸਰੀਰ ‘ਤੇ ਬਹੁਤ ਸਾਰੇ ਫ੍ਰੈਕਚਰ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਅਤੇ ਫਿਰ ਉਸ ਦਾ ਐਨਕਾਊਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੈਪਾਲ ਦਾ ਪੋਸਟ ਮਾਰਟਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ।