ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਬਿਆਨ ਲਈ ਲੋਕਾਂ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਪ੍ਰਤੀਕ੍ਰਿਆ ਆਪਣੇ ਫੇਸਬੁੱਕ ਪੇਜ ‘ਤੇ ਲਾਈਵ ਹੋ ਕੇ ਦਿੱਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਸੇਵਾ ਲਈ ਬਣਿਆ ਸੀ ਪਰ ਦੇਖਦੇ ਹੀ ਦੇਖਦੇ ਇਹ ਇਕ ਰਾਜਨੀਤੀ ਪਾਰਟੀ ਬਣ ਕੇ ਰਹੀ ਗਿਆ। ਤੁਸੀਂ ਕਿਸ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਮੈਨੂੰ ਲਗਦੈ ਹੈ ਕਿ ਤੁਸੀਂ ਵੀ ਇਸੇ ਰਾਜਨੀਤੀ ਪਾਰਟੀ ਦੀ ਗੱਲ ਕਰ ਰਹੇ ਹੋ। ਉਨ੍ਹਾਂ ਕਿਹਾ ਕਿ ਰਾਜਨੀਤੀ ਪਾਰਟੀ ਖਤਮ ਹੋਣ ਨਾਲ ਪੰਥ ਖਤਮ ਨਹੀਂ ਹੋ ਜਾਂਦਾ ਹੈ। ਤੁਹਾਡਾ ਅਹੁਦਾ ਬਹੁਤ ਵੱਡਾ ਹੈ ਤੁਹਾਨੂੰ ਅਜਿਹੀ ਗੱਲ ਕਰਨੀ ਚੰਗੀ ਨਹੀਂ ਲਗਦੀ। ਉਨ੍ਹਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕਿਉਂ ਇਕ ਹੀ ਚੈਨਲ ਨੂੰ ਗੁਰੂ ਸਾਹਿਬਾਨ ਦੀ ਬਾਣੀ ਦਿਖਾਉਣ ਦਾ ਅਧਿਕਾਰ ਹੈ। ਉਥੇ ਕੰਪੀਟੀਸ਼ਨ ਕਿਉਂ ਨਹੀਂ , ਤਾਂਕਿ ਸਾਰਾ ਪੈਸਾ ਇਨ੍ਹਾਂ ਦੀ ਜੇਬ ‘ਚ ਪੈ ਸਕੇ। ਉਨ੍ਹਾਂ ਕਿਹਾ ਕਿ ਜਾਂ ਸਾਰੇ ਹੀ ਚੈਨਲਾਂ ਨੂੰ ਗੁਰਬਾਣੀ ਦਿਖਾਉਣ ਦਾ ਅਧਿਕਾਰ ਹੋਣਾ ਚਾਹੀਦਾ ਨਹੀਂ ਤਾਂ ਜੋ ਚੈਨਲ ਦਿਖਾ ਰਿਹਾ ਹੈ। ਉਸ ਕੋਲੋਂ ਇਸ ਨਾਲ ਹੋਣ ਵਾਲੀ ਕਮਾਈ ਦਾ ਹਿਸਾਬ ਲੈ ਲੋਕਾਂ ਨੂੰ ਦੇਣਾ ਚਾਹੀਦਾ। ਅੱਗੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਤਾਂ ਆਵਾਜ਼ ਚੁੱਕਣੀ ਪਵੇਗੀ ਨਹੀਂ ਤਾਂ ਇਹ ਲੋਕ ਇਸੇ ਤਰ੍ਹਾਂ ਹੀ ਗੁਰੂ ਦੀ ਗੋਲਕ ਨੂੰ ਲੁੱਟਦੇ ਰਹਿਣਗੇ। ਉਨ੍ਹਾਂ ਕਿਹਾ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਜ਼ਰੂਰ ਦਿਓਗੇ ।
ਦੱਸ ਦੇਈਏ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ‘ਚ ਉਨ੍ਹਾਂ ਅਕਾਲੀ ਦਲ ਦੇ ਖਤਮ ਹੋਣ ਨੂੰ ਸਿੱਖਾਂ ਲਈ ਖਤਰਨਾਕ ਦੱਸਿਆ ਸੀ।