ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਂਵੇ ਇਸ ਸਮੇਂ ਪੰਜਾਬ ਦੀ ਸਿਆਸਤ ਤੋਂ ਦੂਰ ਹਨ ਪਰ ਫਿਰ ਵੀ ਉਹ ਇਸ ਸਮੇਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹੋਏ ਹਨ। ਸੋਸ਼ਲ ਮੀਡੀਆ ‘ਤੇ ਇਸ ਸਮੇਂ ਇਕ ਪੋਸਟਰ ਵਾਇਰਲ ਹੋ ਰਿਹਾ ਹੈ ਜਿਸ ‘ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਤਸਵੀਰ ਲੱਗੀ ਹੋਈ ਹੈ ਤੇ ਲਿਖਿਆ ਹੋਇਆ ਹੈ ਕਿ ‘ਛੱਲਾ ਮੁੜ ਕੇ ਨਹੀਂ ਆਇਆ’। ਜੋ ਕਿ ਇਸ ਸਮੇਂ ਕਾਫੀ ਵਾਇਰਲ ਤੇ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤੀ ਜਾ ਰਹੀ ਹੈ।
ਇਸ ਫੋਟੋ ਦੀ ਕੀ ਹੈ ਸਚਾਈ?
ਦੱਸ ਦੇਈਏ ਕਿ ਇਹ ਫੋਟੋ (ਪੋਸਟਰ) ਅਮਰਿੰਦਰ ਗਿੱਲ ਦੀ ਨਵੀਂ ਰਿਲੀਜ਼ ਹੋਈ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਹੈ ਜਿਸ ਨੂੰ ਟ੍ਰੋਲਰਾਂ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਫੇਸ ਲਗਾ ਕੇ ਖੂਬ ਵਾਇਰਲ ਕੀਤਾ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਇਸ ਸਮੇਂ ਅਮਰੀਕਾ ਤੇ ਕੈਨੇਡਾ ਦੇ ਦੌਰੇ ‘ਤੇ ਹਨ ਤੇ ਇੱਥੇ ਚਰਨਜੀਤ ਸਿੰਘ ਚੰਨੀ ਦੇ ਸੋਸ਼ਲ ਮੀਡੀਆ ‘ਤੇ ਕਾਫ਼ੀ ਮੀਮਸ ਬਣਾਏ ਜਾ ਰਹੇ ਹਨ। ਉਥੇ ਹੀ ਸਾਢੇ ਪੰਜ ਮਹੀਨਿਆਂ ਬਾਅਦ ਜੇਲ੍ਹ ‘ਚੋਂ ਵਾਪਸ ਆਏ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਚੰਨੀ ‘ਤੇ ਤੰਜ ਕਸਦਿਆਂ ਕਿਹਾ ਕਿ ਅਸੀਂ ਤਾਂ ਜੇਲ੍ਹ ਵਿੱਚੋਂ ਵੀ ਮੁੜ ਆਏ ਹਾਂ ਪਰ ਚੰਨੀ ਸਾਹਿਬ ਵਿਦੇਸ਼ ਤੋਂ ਹੀ ਨਹੀਂ ਮੁੜੇ। ਇਸ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਪਾਰਟੀ ਨੂੰ ਬਿਨਾਂ ਦੱਸੇ ਹੀ ਵਿਦੇਸ਼ ਚਲੇ ਗਏ ਸਨ ਤੇ ਉਨ੍ਹਾਂ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ।