ਅੱਜ ਦੇਸ਼ ਭਰ ‘ਚ ਥਾਂ-ਥਾਂ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਕਾਂਗਰਸ ਵਰਕਰਾਂ ਨੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਗੁੱਸੇ ਵਿੱਚ ਕਾਰ ਨੂੰ ਹੀ ਅੱਗ ਲਾ ਦਿੱਤੀ। ਕਾਂਗਰਸੀ ਵਰਕਰ ਕਾਰ ਨੂੰ ਰੇਹੜੇ ‘ਤੇ ਲੱਦ ਲਿਆਏ ਤੇ ਅੱਗ ਲਾ ਦਿੱਤੀ।
ਇਸੇ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਬੈਨਰ ਥੱਲੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ ਭਰ ਵਿੱਚ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ।
ਦਿੱਲੀ ਕਾਂਗਰਸ ਦੇ ਕਾਰਕੁਨਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹੋਈਆਂ ਕੀਮਤਾਂ ਵਾਪਸ ਲੈਣ ਤੇ ਵਧਦੀ ਮਹਿੰਗਾਈ ਖਿਲਾਫ ਪੈਟਰੋਲ ਪੰਪਾਂ ‘ਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਕਾਂਗਰਸ ਮੁਤਾਬਕ ਕੋਰੋਨਾ ਕਾਲ ‘ਚ ਆਫਤ ਨੂੰ ਮੌਕਾ ਬਣਾ ਕੇ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਲਗਾਤਾਰ ਵਧਦੇ ਪੈਟਰੋਲ ਡੀਜ਼ਲ ਦੇ ਭਾਅ ‘ਤੇ ਕਾਬੂ ਕਰਨ ਦੀ ਬਜਾਏ ਭਾਰੀ ਭਰਕਮ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ ‘ਤੇ ਡਾਕਾ ਮਾਰ ਰਹੀ ਹੈ।
ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਸੰਗਠਨ ਮਹਾਂ ਸਕੱਤਰ ਵੇਣੂਗੋਪਾਲ, ‘ਮਹਾਂ ਸਕੱਤਰ ਹਰੀਸ਼ ਰਾਵਤ ਸਮੇਤ ਕਈ ਲੀਡਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ‘ਚ ਪੈਟਰੋਲ ਪੰਪਾਂ ਦੇ ਨੇੜੇ ਸੰਕੇਤਕ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ ‘ਚ ਕੋਰੋਨਾ ਵਾਇਰਸ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।’