ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕੋਰੋਨਾ ਦੇ ਮਾਮਲੇ ਘੱਟ ਹੋਣ ਕਰਕੇ ਲਾਗੂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਰਹੀ ਹੈ | ਇਸ ਦੇ ਵਿਚਾਲੇ ਹੀ ਸਿੱਖ ਸ਼ਰਧਾਲੂਆਂ ਲਈ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ |ਗੁਰੂ ਨਗਰੀ ਅੰਮ੍ਰਿਤਸਰ ਤੋਂ ਦੂਜੀ ਗੁਰੂ ਨਗਰੀ ਹਜ਼ੂਰ ਸਾਹਿਬ ਨਾਂਦੇੜ ਲਈ ਏਅਰ ਇੰਡੀਆ ਦੀ ਉਡਾਣ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਏਵੀਏਸ਼ਨ ਇੰਡਸਟਰੀ ਨੂੰ ਵੀ ਘਾਟਾ ਪਿਆ ਸੀ। ਚੋਣਵੀਆਂ ਉਡਾਨਾਂ ਨੂੰ ਛੱਡ ਕੇ ਕਈ ਹੋਰ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ ਸਨ। ਫਿਲਹਾਲ, ਸਿਰਫ ਚੋਣਵੀਆਂ ਉਡਾਣਾਂ ਹੀ ਦਿੱਲੀ, ਮੁੰਬਈ, ਕੋਲਕਾਤਾ, ਬੈਂਗਲੁਰੂ, ਪਟਨਾ ਸਾਹਿਬ ਅਤੇ ਜੈਪੁਰ ਲਈ ਰਵਾਨਾ ਹੋ ਰਹੀਆਂ ਹਨ, ਪਰ ਜਲਦੀ ਹੀ ਹਜ਼ੂਰ ਸਾਹਿਬ ਨਾਂਦੇੜ ਲਈ ਸਿੱਧੀ ਉਡਾਣ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਜ਼ੂਰ ਸਾਹਿਬ ਨਾਂਦੇੜ ਦੀ ਫਲਾਈਟ ਦੂਜੀ ਲਹਿਰ ਦੀ ਸ਼ੁਰੂਆਤ ਅਤੇ ਯਾਤਰੀਆਂ ਦੀ ਘੱਟ ਗਿਣਤੀ ਕਾਰਨ ਏਅਰ ਇੰਡੀਆ ਨੇ ਇਸ ਫਲਾਈਟ ਨੂੰ ਬੰਦ ਕਰ ਦਿੱਤਾ ਸੀ। ਏਅਰ ਇੰਡੀਆ ਦੀ ਵੈੱਬਸਾਈਟ ਦੇ ਅਨੁਸਾਰ ਇਹ ਫਲਾਈਟ 3 ਅਗਸਤ ਤੋਂ ਉਡਾਨ ਭਰੇਗੀ। ਇਹ ਫਲਾਈਟ ਪਹਿਲਾਂ ਦਿੱਲੀ ਤੋਂ ਅੰਮ੍ਰਿਤਸਰ ਲਈ ਉਡਾਨ ਭਰੇਗੀ ਅਤੇ ਉਸ ਤੋਂ ਬਾਅਦ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋਵੇਗੀ। ਇਹ 5 ਵਜੇ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ।
ਇਸ ਤੋਂ ਬਾਅਦ ਫਲਾਈਟ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਤੋਂ ਮੰਗਲਵਾਰ, ਬੁੱਧਵਾਰ ਅਤੇ ਸ਼ਨੀਵਾਰ ਸਵੇਰੇ 4.50 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 9.25 ਵਜੇ ਹਜ਼ੂਰ ਸਾਹਿਬ ਨਾਂਦੇੜ ਪਹੁੰਚੇਗੀ। ਵੈਬਸਾਈਟ ਦੇ ਅਨੁਸਾਰ ਅੰਮ੍ਰਿਤਸਰ ਹਜ਼ੂਰ ਸਾਹਿਬ ਨਾਂਦੇੜ ਦੀ ਉਡਾਣ ਦਾ ਕਿਰਾਇਆ 5570 ਰੁਪਏ ਰੱਖਿਆ ਗਿਆ ਹੈ। ਦੂਜੇ ਪਾਸੇ ਹਜ਼ੂਰ ਸਾਹਿਬ ਨਾਂਦੇੜ ਤੋਂ ਅੰਮ੍ਰਿਤਸਰ ਪਹੁੰਚਣ ਲਈ ਯਾਤਰੀਆਂ ਨੂੰ 5,128 ਰੁਪਏ ਖਰਚ ਕਰਨੇ ਪੈਣਗੇ।