ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਹੈ। ਜਿਸ ‘ਤੇ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ ਇਸ ਦੇ ਨਾਲ ਹੀ ਹੁਣ ਹਰਿਆਣਾ ਦੀ ਸਿਆਸਤ ਵੀ ਕੇਜਰੀਵਾਲ ‘ਤੇ ਨਿਸ਼ਾਨੇ ਸਾਧ ਰਹੀ ਹੈ | ਕੇਜਰੀਵਾਲ ਦੇ ਇਸ ਬਿਆਨ ਤੋਂ ਬਾਅਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ‘ਆਪ’ ਨੂੰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਨਹੀਂ ਹੈ ਤੇ ਉਹ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਨਹੀਂ ਕਰ ਸਕਦੇ।
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ, ‘ਆਮ ਆਦਮੀ ਪਾਰਟੀ ਨੂੰ ਪੰਜਾਬ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਨਹੀਂ। ਜੇਕਰ ਉਹ ਸੋਚਦੇ ਨੇ ਕਿ ਦਿੱਲੀ ਮਾਡਲ ਪੰਜਾਬ ਵਿਚ ਲਾਗੂ ਕਰ ਦੇਣਗੇ ਤਾਂ ਇਹ ਨਹੀਂ ਹੋ ਸਕਦਾ। ਦਿੱਲੀ ਵਿਚ ਟੈਕਸ ਵਸੂਲੀ ਜ਼ਿਆਦਾ ਹੈ ਪਰ ਪੰਜਾਬ ਭੁੱਖਮਰੀ ਦੀ ਕਗਾਰ ’ਤੇ ਹੈ’।
ਦੱਸ ਦਈਏ ਕਿ ਬੀਤੇ ਦਿਨ ਚੰਗੀਗੜ੍ਹ ਵਿਚ ਮੀਡੀਆ ਨਾਲ ਗੱਲ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ’ਤੇ ਬਿਜਲੀ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ| ਉਹਨਾਂ ਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦੇਣ ਤੋਂ ਇਲਾਵਾ ਲੋਕਾਂ ਨੂੰ ਆਏ ਵੱਡੇ ਬਿਲ ਮਾਫ਼ ਕਰਨ, 24 ਘੰਟੇ ਬਿਜਲੀ ਦੇਣ ਦੇ ਐਲਾਨ ਕੀਤੇ। ਉਹਨਾਂ ਨੇ ਕਿਸਾਨਾਂ ਅਤੇ ਹੋਰ ਵਰਗਾਂ ਦੀ ਰਿਆਇਤੀ ਬਿਜਲੀ ਪਹਿਲਾਂ ਵਾਂਗ ਜਾਰੀ ਰੱਖਣ ਦਾ ਐਲਾਨ ਕੀਤਾ।