ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਸਿਆਸੀ ਦਲਾਂ ਦੇ ਉਮੀਦਵਾਰਾਂ ਵਿਚਾਲੇ ਸਮਰਥਨ ਇਕੱਠਾ ਕਰਨ ਦਾ ਮੁਕਾਬਲਾ ਚੱਲ ਰਿਹਾ ਹੈ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਪ੍ਰਧਾਨ ਅਤੇ ਰਾਕੇਸ਼ ਟਿਕੈਤ ਦੇ ਵੱਡੇ ਭਰਾ ਨਰੇਸ਼ ਟਿਕੈਤ ਨੇ ਸ਼ਨੀਵਾਰ ਨੂੰ ਸਿਸੌਲੀ ‘ਚ ਸ਼ਰੇਆਮ ਬੁਢਾਨਾ ਵਿਧਾਨ ਸਭਾ ਤੋਂ ਆਰ.ਐੱਲ.ਡੀ. ਅਤੇ ਸਪਾ ਗਠਜੋੜ ਦੇ ਉਮੀਦਵਾਰ ਰਾਜਪਾਲ ਬਾਲਿਆਨ ਨੂੰ ਸਮਰਥਨ ਦੇਣ ਦੀ ਗੱਲ ਕਹੀ। ਹਾਲਾਂਕਿ ਇਸ ਅਪੀਲ ਤੋਂ ਬਾਅਦ ਨਿੰਦਾ ਹੋਣ ‘ਤੇ ਟਿਕੈਤ ਹੁਣ ਆਪਣੇ ਬਿਆਨ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਸਮਰਥਨ ਨਹੀਂ ਕਰ ਰਹੇ ਹਨ।
ਯੂਪੀ ਚੋਣਾਂ ਵਿੱਚ ਸਪਾ ਅਤੇ ਆਰ.ਐਲ.ਡੀ. ਗਠਜੋੜ ਨੂੰ ਖੁੱਲ੍ਹਾ ਸਮਰਥਨ ਦੇਣ ਦੇ 24 ਘੰਟਿਆਂ ਦੇ ਅੰਦਰ ਹੀ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਯੂ-ਟਰਨ ਲਿਆ ਹੈ। ਆਪਣੇ ਪਿਛਲੇ ਬਿਆਨ ਤੋਂ ਪਲਟਦੇ ਹੋਏ ਨਰੇਸ਼ ਟਿਕੈਤ ਨੇ ਕਿਹਾ ਕਿ “ਅਸੀਂ ਚੋਣਾਂ ਵਿੱਚ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਹਾਂ”।
ਪਿਛਲੇ ਬਿਆਨ ਨੂੰ ਗਲਤ ਦੱਸਦੇ ਹੋਏ ਨਰੇਸ਼ ਟਿਕੈਤ ਨੇ ਕਿਹਾ, “ਉਹ ਕੁੱਝ ਜ਼ਿਆਦਾ ਬੋਲ ਗਏ ਸਨ, ਜੋ ਕਿ ਗਲਤ ਹੈ।” ਉਨ੍ਹਾਂ ਸਪੱਸ਼ਟ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਸਰਵਉੱਚ ਹੈ ਅਤੇ ਜੇਕਰ ਅਸੀਂ ਇਸ ਤੋਂ ਦੂਰ ਚਲੇ ਗਏ ਤਾਂ ਉਹ ਸਾਨੂੰ ਬਾਹਰ ਵੀ ਕੱਢ ਸਕਦੇ ਹਨ।
ਦੱਸ ਦਈਏ ਕਿ ਸ਼ਨੀਵਾਰ ਨੂੰ ਕਿਸਾਨ ਭਵਨ ‘ਚ ਇਕੱਠੇ ਹੋਏ ਲੋਕਾਂ ਵਿਚਾਲੇ ਉਨ੍ਹਾਂ ਨੇ ਸਪਾ-ਆਰ.ਐੱਲ.ਡੀ. ਉਮੀਦਵਾਰ ਨੂੰ ਸਮਰਥਨ ਦੇਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਹਰ ਪਾਰਟੀ ਦੇ ਲੋਕ ਉਨ੍ਹਾਂ ਦਾ ਸਵਾਗਤ ਕਰਦੇ ਹਨ ਪਰ ਉਹ ਕਿਸੇ ਦਾ ਸਮਰਥਨ ਨਹੀਂ ਕਰਨਗੇ।