ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਕਰ ਆਪਣੀ ਹਾਰ ਸਵੀਕਾਰ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰ ਕਿਹਾ, ‘‘ਅਸੀਂ ਪੂਰੀ ਨਿਮਰਤਾ ਨਾਲ ਸੰਗਰੂਰ ਦੇ ਹੁਕਮ ਨੂੰ ਸਵੀਕਾਰ ਕਰਦੇ ਹਾਂ। ਅਸੀਂ ਹੋਰ ਮਿਹਨਤ ਕਰਾਂਗੇ। ਅਕਾਲੀ ਦਲ 24 ਫੀਸਦੀ ਤੋਂ ਡਿਗ ਕੇ 6 ਫੀਸਦੀ, ਕਾਂਗਰਸ 27 ਫੀਸਦੀ ਤੋਂ ਡਿਗ ਕੇ 11 ਫੀਸਦੀ, AAP 37 ਫੀਸਦੀ ਤੋਂ ਡਿਗ ਕੇ 35 ਫੀਸਦੀ ’ਤੇ ਆ ਗਈ। ਇਸ ਤੋਂ ਜ਼ਾਹਿਰ ਹੈ ਕਿ ‘ਅਾਪ’ ਦਾ ਵੋਟ ਬੈਂਕ ਬਣਿਆ ਰਿਹਾ।
ਦੂਜੀਆਂ ਪਾਰਟੀਆਂ ਦੀਆਂ ਵੋਟਾਂ ਸਿਮਰਨਜੀਤ ਸਿੰਘ ਨੂੰ ਗਈਆਂ। ਪੰਜਾਬ ਨੇ ਦੂਜੀਆਂ ਪਾਰਟੀਆਂ ਦਾ ਸਫ਼ਾਇਆ ਕਰ ਦਿੱਤਾ। ਦੱਸ ਦੇਈਏ ਕਿ ਜ਼ਿਮਨੀ ਚੋਣ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਸਿਮਰਨਜੀਤ ਸਿੰਘ ਮਾਨ 5822 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸ ਹਾਰ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।