ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਰੋਜ਼ਾਨਾ ਵਾਧਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵੱਡੇ ਚਿਹਰੇ ਆਪ ਵਿੱਚ ਸ਼ਾਮਲ ਹੋ ਰਹੇ ਹਨ। ਅੱਜ ਸਾਬਕਾ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ, ਅੰਤਰਰਾਸ਼ਟਰੀ ਦੌੜਾਕ ਤੇ ਆਰਮੀ ਮੈਨ ਹਰਮਿੰਦਰ ਸਿੰਘ ਅਤੇ ਸਮਾਜ ਸੇਵੀ ਬਲਜਿੰਦਰ ਸਿੰਘ ਢਿੱਲੋਂ ਪਾਰਟੀ ਵਿੱਚ ਸ਼ਾਮਲ ਹੋਏ। ਪਾਰਟੀ ਦੇ ਮੁੱਖ ਦਫ਼ਤਰ ਵਿੱਚ ਆਪ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਪੰਜਾਬ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੇ ਪੰਜਾਬ ਪ੍ਰਭਾਰੀ ਜਰਨੈਲ ਸਿੰਘ ਨੇ ਉਕਤ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਇਸ ਸਮੇਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਬਾਰੇ ਜਾਣਕਾਰੀ ਦਿੰਦਿਆਂ ਆਪ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਹਰਮਿੰਦਰ ਸਿੰਘ ਨੇ ਦੌੜ ਖੇਡ ਦੇ ਰਾਹੀਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਤਮਗੇ ਜਿੱਤੇ ਹਨ ਅਤੇ ਸਾਲ 2004 ਤੋਂ 2011 ਤੱਕ ਭਾਰਤੀ ਸੈਨਾ ਵਿੱਚ ਵੀ ਸੇਵਾਵਾਂ ਨਿਭਾਈਆਂ ਨੇ। ਇਸ ਤੋਂ ਇਲਾਵਾ ਹਰਮਿੰਦਰ ਸਿੰਘ ਚਾਰ ਸਾਲਾਂ ਤੱਕ ਭਾਰਤੀ ਟੀਮ ਦੇ ਕੋਚ ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਹਰਮਿੰਦਰ ਸਿੰਘ ਰਾਸ਼ਟਰਮੰਡਲ ਖੇਡਾਂ ਵਿੱਚ ਮਿਲਖਾ ਸਿੰਘ ਤੋਂ ਬਾਅਦ ਤਮਗਾ ਜਿੱਤਣ ਵਾਲੇ ਭਾਰਤੀ ਖ਼ਿਡਾਰੀ ਹਨ।
ਸਾਬਕਾ ਵਧੀਕ ਡਿਪਟੀ ਕਮਿਸ਼ਨਰ ਅਤੇ ਅੰਮ੍ਰਿਤਸਰ ਦੇ ਵਸਨੀਕ ਰਾਕੇਸ਼ ਕੁਮਾਰ ਲੰਮਾ ਸਮਾਂ ਸਰਕਾਰੀ ਨੌਕਰੀ ਵਿੱਚ ਸੇਵਾਵਾਂ ਨਿਭਾਉਂਦੇ ਰਹੇ ਹਨ। ਉਹ ਪੰਜਾਬ ਦੇ ਅਨੁਭਵੀ ਅਤੇ ਇਮਾਨਦਾਰ ਅਧਿਕਾਰੀ ਰਹੇ। ਰਾਕੇਸ਼ ਕੁਮਾਰ ਸਿਵਲ ਸੇਵਾਵਾਂ ਵਿੱਚ ਜਾਣ ਤੋਂ ਪਹਿਲਾਂ ਸੱਤ ਸਾਲ ਤੱਕ ਅੰਗਰੇਜ਼ੀ ਦੇ ਪ੍ਰੋਫ਼ੈਸਰ ਵਜੋਂ ਵਿਦਿਅਰਥੀਆਂ ਨੂੰ ਸਿੱਖਿਆ ਪ੍ਰਦਾਨ ਕੀਤੀ। ਇਸੇ ਤਰਾਂ ਹਰਚੰਦ ਸਿੰਘ ਬਰਸਟ ਨੇ ਪਾਰਟੀ ਵਿੱਚ ਸ਼ਾਮਲ ਹੋਏ ਉਘੇ ਸਮਾਜਸੇਵੀ ਅਤੇ ਕਾਰੋਬਾਰੀ ਬਲਜਿੰਦਰ ਸਿੰਘ ਢਿੱਲੋਂ ਵੱਲੋਂ ਪਟਿਆਲਾ ਜ਼ਿਲੇ ਵਿੱਚ ਨਿਭਾਈਆਂ ਸਮਾਜ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।