ਚੋਣ ਕਮਿਸ਼ਨ ਨੇ ਪੰਜਾਬ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਪੰਜਾਬ ਅਤੇ ਹੋਰ ਸੂਬਿਆਂ ‘ਚ ਚੋਣ ਜਾਬਤਾ ਵੀ ਲੱਗ ਗਿਆ ਹੈ। ਇਸੇ ਵਿਚਾਲੇ ਸੰਯੁਕਤ ਸਮਾਜ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਪ੍ਰੋ-ਪੰਜਾਬ ਨਾਲ ਗੱਲ-ਬਾਤ ਕੀਤੀ ਗਈ। ਜਿਸ ‘ਚ ਉਨ੍ਹਾਂ ਆਮ ਆਦਮੀ ਪਾਰਟੀ ਸਮੇਤ ਪੰਜਾਬ ਦੀਆਂ ਬਾਕੀ ਸਿਆਸੀ ਪਾਰਟੀਆਂ ‘ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਬਾਕੀ ਪਾਰਟੀਆਂ ਵਰਗੀ ਹੀ ਹੈ ਇਥੇ ਵੀ ਉਸੇ ਤਰ੍ਹਾਂ ਟਿਕਟਾਂ ਮੁੱਲ ਵਿਕਦੀਆਂ ਹਨ, ਉਸੇ ਤਰ੍ਹਾਂ ਮਾੜੇ ਲੋਕ ਅੱਗੇ ਲਿਆਏ ਜਾ ਰਹੇ ਹਨ, ਜਿਵੇਂ ਕਿ ਬਾਕੀ ਪਾਰਟੀਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਵੇਂ ਸਿਰ ਤੋਂ ਸ਼ੁਰੂਆਤ ਕਰਨੀ ਹੋਵੇਗੀ ਜਿਸ ‘ਚ ਇਨ੍ਹਾਂ ਸਿਆਸੀ ਪਾਰਟੀਆਂ ਦਾ ਕੋਈ ਰੋਲ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਜਿਹੇ ਪ੍ਰੋਗਰਾਮ ਦੇ ਰਹੀਆਂ ਹਨ ਜਿਸ ਨਾਲ ਪੰਜਾਬ ਦਾ ਭਲਾ ਸੰਭਵ ਨਹੀਂ ਪਰ ਸੰਯੁਕਤ ਸਮਾਜ ਮੋਰਚਾ ਪੰਜਾਬ ਦੇ ਮੁੱਦਿਆਂ ‘ਤੇ ਇਕੋ ਚੋਣ ਨਿਸ਼ਾਨ ਹੇਠ 117 ਸਿੱਟਾਂ ‘ਤੇ ਚੋਣ ਲੜੇਗਾ ਅਤੇ ਅਸੀਂ ਜਲਦ ਹੀ ਆਪਣੇ ਉਮੀਦਵਾਰ ਵੀ ਐਲਾਨ ਦੇਵਾਂਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਦੀ ਰੱਦ ਹੋਈ ਰੈਲੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਕਾਂਗਰਸ ਅਤੇ ਭਾਜਪਾ ਆਪਸੀ ਲੜਾਈ ਹੈ ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਵਜ੍ਹਾ ਪੰਜਾਬ ਨੂੰ ਕੜੀਸ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਸਾਰੇ ਸਿਆਸੀ ਲੀਡਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪੰਜਾਬ ਦੇ ਲੋਕ ਹਿੰਸਾ ‘ਚ ਵਿਸਵਾਸ ਨਹੀਂ ਰੱਖਦੇ, ਹਾਂ ਇਨਸਾਫ ਦੀ ਮੰਗ ਜ਼ਰੂਰ ਕਰਦੇ ਹਨ ਜਿਵੇ ਕਿ ਇਨ੍ਹਾਂ ਦਿੱਲੀ ਵਿਖੇ ਧਰਨੇ ਦੌਰਾਨ ਆਪਣੀ ਮੰਗ ਸਰਕਾਰ ਅੱਗੇ ਰੱਖੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਇਸ ਨਾਲ ਪੰਜਾਬ ਦੇ ਲੋਕ ਦੁੱਖੀ ਹੁੰਦੇ ਹਨ।
ਕਿਸਾਨਾਂ ਦਾ ਸਿਆਸਤ ‘ਚ ਕੋਈ ਭਵਿੱਖ ਨਾ ਹੋਣ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਇਸ ਤਰ੍ਹਾਂ ਸੋਚਦੇ ਹਨ ਉਹ ਉਨ੍ਹਾਂ ਦੀ ਸੋਚ ਹੈ, ਉਨ੍ਹਾਂ ਕਿਹਾ ਕਿ ਜਦੋਂ ਲੋਕ ਨਾਲ ਹੋਣ ਤਾਂ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੁੰਦੀ। ਪੰਜਾਬ ਦੇ ਲੋਕ ਸਾਡੇ ਨਾਲ ਹਨ ਉਹ ਤਾਂ ਖੁੱਦ ਚਾਹੁੰਦੇ ਹਨ ਕਿ ਇਨ੍ਹਾਂ ਰਿਵਾਇਤੀ ਪਾਰਟੀਆਂ ਤੋਂ ਸਾਡਾ ਪਿੱਛਾ ਛੁੱਟ ਜਾਵੇ।