ਵਿਜੀਲੈਂਸ ਬਿਊਰੋ ਨੇ ਹੁਣ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਜਾਇਦਾਦਾਂ ਦੀ ਜਾਂਚ ਵੀ ਵਿੱਢ ਦਿੱਤੀ ਹੈ।ਵਿਜੀਲੈਂਸ ਤੱਕ ਉਹ ਪ੍ਰਾਈਵੇਟ ਸੂਹੀਏ ਵੀ ਪਹੁੰਚ ਕਰਨ ਲੱਗੇ ਹਨ ਜਿਨ੍ਹਾਂ ਕੋਲ ਧਰਮਸੋਤ ਦੇ ਅੰਦਰਲੇ ਭੇਤ ਹਨ।ਵਿੱਤੀ ਜਾਂਚ ਦੌਰਾਨ ਮੁੱਖ ਤੌਰ ‘ਤੇ ਧਿਆਨ ਬੇਨਾਮੀ ਜਾਇਦਾਦ ‘ਤੇ ਕੇਂਦਰਿਤ ਕੀਤਾ ਜਾਵੇਗਾ।ਸੂਤਰਾਂ ਅਨੁਸਾਰ ਵਿਜੀਲੈਂਸ ਨੂੰ ਧਰਮਸੋਤ ਦੀ ਉੱਤਰ ਪ੍ਰਦੇਸ਼ ‘ਚ ਜਾਇਦਾਦ ਹੋਣ ਦੀ ਵੀ ਸੂਹ ਮਿਲੀ ਹੈ।
ਸੂਤਰਾਂ ਮੁਤਾਬਕ ਵਿਜੀਲੈਂਸ ਵਲੋਂ ਉਨਾਂ੍ਹ ਆੜ੍ਹਤੀਆਂ ਅਤੇ ਵਿਅਕਤੀਆਂ ਦੀ ਸੂਹ ਲਈ ਜਾ ਰਹੀ ਹੈ ਜਿਨ੍ਹਾਂ ਕੋਲ ਪੈਸਾ ਰੱਖਿਆ ਜਾਂਦਾ ਰਿਹਾ ਹੈ।ਵਿਜੀਲੈਂਸ ਨੂੰ ਸੂਚਨਾ ਮਿਲੀ ਹੈ ਕਿ ਧਰਮਸੋਤ ਦੀ ਮੁਹਾਲੀ,ਜ਼ੀਰਕਪੁਰ ਅਤੇ ਖਰੜ ‘ਚ ਹੀ ਬੇਨਾਮੀ ਜਾਇਦਾਦ ਹੈ।ਖੰਨਾ ‘ਚ ਧਰਮਸੋਤ ਦੀ ਇੱਕ ਮੂੰਹ ਬੋਲੀ ਭੈਣ ਸੀ ਜਿਸ ਦੀ ਕੌਂਸਲਰ ਦੀ ਚੋਣ ਸਮੇਂ ਕਮਲਜੀਤ ਸਿੰਘ ਨੇ 12 ਲੱਖ ਰੁਪਏ ਖ਼ਰਚ ਕੀਤੇ ਸਨ।
ਵਿਜੀਲੈਂਸ ਨੇ ਇਸ ਚੋਣ ‘ਤੇ ਕਮਲ ਵਲੋਂ ਸ਼ਰਾਬ ਦੇ ਕੀਤੇ ਖ਼ਰਚ ਦੇ ਬਿੱਲ ਵੀ ਪ੍ਰਾਪਤ ਕਰ ਲਏ ਹਨ ਅਤੇ ਇਸ਼ਤਿਹਾਰਾਂ ਦੇ ਕੀਤੇ ਖਰਚੇ ਦੇ ਬਿੱਲ ਵੀ ਵਿਜੀਲੈਂਸ ਨੂੰ ਦਿੱਤੇ ਗਏ ਹਨ।ਮੂੰਹ ਬੋਲੀ ਭੈਣ ਦੀ ਬਾਅਦ ‘ਚ ਮੌਤ ਹੋ ਗਈ ਸੀ।ਜਿਸਦੇ ਇਲਾਜ ਲਈ ਵੀ ਧਰਮਸੋਤ ਦੇ ਕਹਿਣ ‘ਤੇ ਪੰਜ 6 ਲੱਖ ਰੁਪਏ ਦਾ ਖਰਚਾ ਕੀਤਾ ਸੀ।ਵਿਜੀਲੈਂਸ ਵਲੋਂ ਧਰਮਸੋਤ ਦੇ ਓਐੱਸਡੀ ਰਹੇ ਚਮਕੌਰ ਸਿੰਘ ਦੀ ਜਾਇਦਾਦ ਦੀ ਜਾਂਚ ਵੀ ਕੀਤੀ ਜਾਵੇਗੀ ਹੈ।
ਵਿਜੀਲੈਂਸ ਨੂੰ ਪਤਾ ਲੱਗਾ ਹੈ ਕਿ ਧਰਮਸੋਤ ਦੇ ਪੈਸਿਆਂ ਦੀ ਸੰਭਾਲ ਵੀ ਚਮਕੌਰ ਸਿੰਘ ਹੀ ਕਰਦਾ ਸੀ।ਵਿਜੀਲੈਂਸ ਨੇ ਮਾਲ ਵਿਭਾਗ ਨਾਲ ਵੀ ਇਸ ਮਾਮਲੇ ‘ਤੇ ਰਾਬਤਾ ਕਾਇਮ ਕੀਤਾ ਹੈ।ਅੱਜ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਮੈਡੀਕਲ ਜਾਂਚ ਵੀ ਕਰਾਈ ਹੈ।ਪਤਾ ਲੱਗਾ ਹੈ ਕਿ ਸਾਬਕਾ ਮੰਤਰੀ ਧਰਮਸੋਤ ਨੇ ਫਿਲਹਾਲ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਤਫ਼ਤੀਸ਼ ‘ਚ ਕੋਈ ਹੱਥ ਪੱਲਾ ਨਹੀਂ ਫੜਾਇਆ ਹੈ।