ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿਖੇ ਮਰਨ ਵਰਤ ‘ਤੇ ਬੈਠੇ ਕੱਚੇ ਕਰਮਚਾਰੀਆਂ ਦਾ ਵਰਤ ਖੁੱਲ੍ਹਵਾਇਆ ਅਤੇ ਪੰਜਾਬ ਸਰਕਾਰ ਦੀਆਂ ਕਾਰਗੁਜਾਰੀਆਂ ਉਨ੍ਹਾਂ ਵੱਲੋਂ ਅੱਜ ਕੀਤੇ ਗਏ ਵੱਡੇ-ਵੱਡੇ ਵਾਅਦਿਆਂ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਦੇ ਐਲਾਨ ‘ਤੇ ਉਨ੍ਹਾਂ ਨੂੰ ਖਰੀਆਂ-ਖੋਟੀਆਂ ਸੁਣਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਪੈਸੇ ਕਿਥੋਂ ਆਉਣਗੇ ਪੰਜਾਬ ਤਾਂ ਕਰਜ਼ੇ ‘ਚ ਡੁੱਬਿਆ ਹੋਇਆ ਹੈ, ਹੁਣ ਖੁੱਦ ਪੰਜਾਬ ਦੀਆਂ ਧੀਆਂ ਨੂੰ 2-2 ਹਜ਼ਾਰ ਰੁਪਏ ਦੇਣ ਦਾ ਐਲਾਨ ਕਰ ਰਹੀ ਹੈ ਰਾਤੋਂ-ਰਾਤ ਇਨ੍ਹਾਂ ਨੂੰ ਕੀ ਪੈਸੇ ਛਾਪਣ ਦੀ ਮਸ਼ੀਨ ਮਿਲ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਇਨ੍ਹਾਂ ਦੀ ਨਾਲਾਇਕੀ ਕਾਰਨ ਧਰਨਿਆਂ ‘ਤੇ ਹੈ। ਜੋ ਕੋਵਿਡ ਸਮੇਂ ਹੈਲਥ ਵਰਕਰ ਰੱਖੇ ਗਏ ਸਨ, ਉਹ ਵੀ ਅੱਜ ਧਰਨੇ ‘ਤੇ ਹਨ। ਉਨ੍ਹਾਂ ਕਿਹਾ ਇਸ ਮਹਾਮਾਰੀ ਸਮੇਂ ਜਿਨ੍ਹਾਂ ਨੇ ਜਾਨ ਹਥੇਲੀ ‘ਤੇ ਰੱਖ ਕੇ ਲੋਕਾਂ ਦੀ ਸੇਵਾ ਕੀਤੀ ਉਨ੍ਹਾਂ ਨੂੰ ਕੋਰੋਨਾ ਦਾ ਸਮਾਂ ਲੰਘਣ ਤੋਂ ਬਾਅਦ ਪਾਸੇ ਕਰ ਦਿੱਤਾ ਗਿਆ ਅਤੇ ਕੋਰੋਨਾ ‘ਤੇ ਫਤਿਹ ਪਾਉਣ ਵਰਗੀਆਂ ਵੱਡੀਆਂ ਗੱਲਾਂ ਕੀਤੀਆ ਗਈਆਂ। ਉਨ੍ਹਾਂ ਕਿਹਾ ਇਨ੍ਹਾਂ ਹੈਲਥ ਵਰਕਰਾਂ ਨੇ ਲੋਕਾਂ ਦੀ ਜਾਨ ਬਚਾਈ ਅਤੇ ਹੁਣ ਇਨ੍ਹਾਂ ਨੂੰ ਇਥੋਂ ਜਾਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਰੱਬ ਨਾ ਕਰੇ ਕਿ ਓਮੀਕਰੋਨ ਫੈਲੇ ਪਰ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਰ ਇਹ ਕਿਸ ਨੂੰ ਲਾਰਾ ਲਾਉਣਗੇ ਅਤੇ ਕੌਣ ਪੰਜਾਬ ਦੇ ਲੋਕਾਂ ਦੀ ਸੇਵਾ ਕਰੇਗਾ।