ਚੰਡੀਗੜ੍ਹ : ਕਾਮਰੇਡ ਰਜਿੰਦਰ ਸਿੰਘ ਦੀਪ ਵਾਲਾ ਇਸ ਪੱਤਰ ਦੇ ਪੱਖ ਦੇ ਵਿੱਚ ਟਿੱਪਣੀ ਕਰਨ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਏ |ਕਾਮਰੇਡ ਰਜਿੰਦਰ ਦੀਪ ਸਿੰਘ ਵਾਲਾ ਕਿਸਾਨ ਆਗੂ ਹੈ ਅਤੇ ਉਹ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਮੀਤ ਪ੍ਰਧਾਨ ਹੈ।ਰਜਿੰਦਰ ਸਿੰਘ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਉਹ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਵਿਚ ਸਰਗਰਮ ਹੈ ਅਤੇ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਦਾ ਸੂਬਾ ਪ੍ਰਧਾਨ ਵੀ ਰਿਹਾ ਹੈ। ਜਾਣਕਾਰੀ ਅਨੁਸਾਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ 9 ਮੈਂਬਰੀ ਕਮੇਟੀ ਦੀ ਕੇਂਦਰ ਨੂੰ ਲਿਖੀ ਚਿੱਠੀ ਦੀ ਚਰਚਾ ਇੱਕ ਪ੍ਰੈੱਸ ਕਾਨਫਰੰਸ ‘ਚ ਕਰ ਦਿੱਤੀ ਸੀ ,ਜਿਸ ਕਾਰਨ ਸੰਯੁਕਤ ਕਿਸਾਨ ਮੋਰਚੇ ਨੇ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮ ਲਗਾ ਕੇ 1 ਹਫਤੇ ਲਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਕਿਸਾਨ ਮੋਰਚੇ ਵਿੱਚੋਂ ਸਸਪੈਂਡ ਕੀਤਾ ਗਿਆ ਹੈ |
ਵਿਸ਼ਾ:9 ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਲਈ ਅਪਣਾਇਆ ਗਿਆ ਢੰਗ-ਤਰੀਕਾ
ਦੋਸਤੋਂ :SKM ਦੇ 9 ਮੈਂਬਰਾਂ ਵਲੋਂ 21 ਮਈ 2021ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਬਾਰੇ ਜਾਣਕਾਰੀ ਮਿਲ ਗਈ ਹੋਵੇਗੀ।ਪਿ੍ੰਟ ਅਤੇ ਇਲੈਕਟ੍ਰਾਨਿਕ ਮੀਡੀਆਂ ਨੇ ਇਸ ਪੱਤਰ ਬਾਰੇ SKM ਦੇ ਬਿਆਨ ਨੂੰ ਪ੍ਰਮੁੱਖਤਾ ਨਾਲ ਤਵੱਜੋ ਦਿੱਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਜਾਣ ਜਾਂ ਨਾ ਲਿਖਣ ਬਾਰੇ ਹਰੇਕ ਜਥੇਬੰਦੀ ਦੀ ਆਪੋ ਆਪਣੀ ਰਾਏ ਹੋ ਸਕਦੀ ਹੈ।ਇਸ ਗੱਲ ਨੂੰ ਕਬੂਲ ਕਰਦਿਆਂ ਅਸੀਂ ਇੱਕ ਮਹੱਤਵਪੂਰਨ ਅਤੇ ਬੁਨਿਆਦੀ ਨੁਕਤੇ ਤੇ ਆਪਣੀ ਗੱਲ ਕਹਿਣਾ ਚਾਹੁੰਦੇ ਹਾਂ।
ਬੀਤੇ ਦਿਨਾਂ ਵਿਚ SKM ਦੀਆਂ ਅਤੇ ਪੰਜਾਬ ਦੀਆਂ 32 ਜਥੇਬੰਦੀਆਂ ਦੀਆਂ ਮੀਟਿੰਗਾਂ ਵਿੱਚ 9 ਮੈਂਬਰੀ ਟੀਮ ਦੀ ਅੰਦੋਲਨ ਚ ਮੌਜੂਦਾ ਭੂਮਿਕਾ ਕੀ ਹੈ ? ਬਾਰੇ ਵਿਚਾਰ ਵਟਾਂਦਰਾ ਹੁੰਦਾ ਰਿਹਾ ਹੈ। ਇਸ ਭੂਮਿਕਾ ਬਾਰੇ ਜਥੇਬੰਦੀਆਂ ਦੇ ਅਲੱਗ-ਅਲੱਗ ਵਿਚਾਰ ਰਹੇ ਹਨ। ਕੁਝ ਇਸ ਨੂੰ ਫੈਸਲਾਕੁੰਨ ਕੋਰ ਕਮੇਟੀ ਅਤੇ ਬਾਕੀ ਜਥੇਬੰਦੀਆਂ ਦੀ ਹਾਜ਼ਰੀ ਵਾਲੇ ਹਾਊਸ ਨੂੰ ਜਰਨਲ ਬਾਡੀ ਵਜੋਂ ਚਿਤਵਦੇ ਹਨ। ਕੁਝ ਇਸਨੂੰ ਦਿੱਲੀ ਚੱਲੋ ਸੱਦੇ ਦੇ ਮੱਦੇਨਜ਼ਰ ਬਣੀ ਤਾਲਮੇਲ ਕਮੇਟੀ ਅਤੇ ਫੈਸਲਿਆਂ ਦੀ ਅਮਲਦਾਰੀ ਨੂੰ ਯਕੀਨੀ ਬਣਾਉਣ ਵਾਲੀ ਕਮੇਟੀ ਵਜੋਂ ਦੇਖਦੇ ਹਨ ਅਤੇ ਕਈ ਸਰਕਾਰ ਨਾਲ 11 ਵਾਰ ਗੱਲਬਾਤ ਕਰਨ ਵਾਲੀ 40 ਮੈਂਬਰੀ ਕਮੇਟੀ ਨੂੰ SKM ਸਮਝਦੇ ਹਨ। ਅਸੀ ਸਮਝਦੇ ਹਾਂ ਕਿ ਮੌਟੇ ਰੂਪ ਵਿਚ SKM ਕਿਸਾਨ ਜੱਥੇਬੰਦੀਆਂ ਤੇ ਅਧਾਰਿਤ ਬਣਿਆ ਮੋਰਚਾ ਹੈ ਇਹੀ ਸੁਪਰੀਮ ਅਤੇ ਫੈਸਲਾਕੁੰਨ ਹੈ।ਇਸ ਕਰਕੇ ਹੀ SKM ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਹਫ਼ਤਾਵਾਰੀ ਮੀਟਿੰਗ ਵਿੱਚ 9 ਮੈਂਬਰੀ ਕਮੇਟੀ ਦਾ ਸਟੇਟਸ ਕੀ ਹੈ? ਬਾਰੇ ਅਜੰਡਾ SKM ਦੀ ਮੀਟਿੰਗ ਵਿਚ ਪ੍ਰਮੁੱਖਤਾ ਨਾਲ ਵਿਚਾਰੇ ਜਾਣ ਬਾਰੇ ਫੈਸਲਾ ਪਿਛਲੀ SKM ਮੀਟਿੰਗ ਵਿੱਚ ਹੋਇਆ ਸੀ। ਇਸ ਦੇ ਬਾਵਜੂਦ ਇਕ ਪਾਸੇ ਤਾਂ 9 ਮੈਂਬਰਾਂ ਦੀ ਟੀਮ ਦੇ SKM ਦੇ 26 ਮਈ ਦੇ ਐਲਾਨੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਲਈ ਬਣੇ ਰੁਝੇਵਿਆਂ ਨੂੰ ਆਧਾਰ ਬਣਾ ਕੇ SKM ਦੀ ਹਫ਼ਤਾਵਾਰੀ ਸ਼ੁੱਕਰਵਾਰ ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਦੂਜੇ ਪਾਸੇ 9 ਮੈਂਬਰਾਂ ਵੱਲੋਂ ਆਪਸ ਵਿਚ ਬੈਠ ਕੇ ਮੀਟਿੰਗ ਕਰਨ ਉਪਰੰਤ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਅਤੇ ਭੇਜਿਆ ਜਾ ਰਿਹਾ। ਇਸ ਕਾਰਵਾਈ ਨੇ ਕਈ ਸਵਾਲ ਖੜੇ ਕੀਤੇ ਹਨ।ਅਜਿਹਾ ਕਰਕੇ 9 ਮੈਂਬਰਾਂ ਦੀ ਟੀਮ ਨੇ ਸੰਯੁਕਤ ਕਿਸਾਨ ਮੋਰਚਾ ਦੀਆਂ ਬਾਕੀ ਜੱਥੇਬੰਦੀਆਂ ਦੇ ਅਧਿਕਾਰਾਂ ਨੂੰ ਕੀ ਅਗਵਾ ਨਹੀ ਕੀਤਾ ? ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦਾ ਫੈਸਲਾ ਕਿਸ ਮੀਟਿੰਗ ਵਿੱਚ ਹੋਇਆ ਅਤੇ ਕੀ ਇਹ ਕਾਰਵਾਈ ਰਜਿਸਟਰ ਵਿੱਚ ਦਰਜ ਹੈ? SKM ਦੇ 9 ਮੈਂਬਰਾਂ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਣ ਦੇ ਅਧਿਕਾਰ ਕਿਸ ਮੀਟਿੰਗ ਵਿੱਚ ਦਿੱਤੇ ਗਏ? ਸਪਸ਼ਟ ਕੀਤਾ ਜਾਵੇ ਅਜਿਹਾ ਕਿਉਂ ਕੀਤਾ ਗਿਆ? SKM ਮੀਟਿੰਗ ਮੁਲਤਵੀ ਕਿਉਂ ਕੀਤੀ ਗਈ ? ਅਸੀ 9 ਮੈਂਬਰਾਂ ਵਲੋਂ ਕੰਮ ਕਾਰ ਦੇ ਅਜਿਹੇ ਢੰਗ ਤਰੀਕੇ ਨਾਲ ਬਿਲਕੁਲ ਸਹਿਮਤ ਨਹੀ। ਇਹ ਢੰਗ ਤਰੀਕੇ ਅੰਦੋਲਨ ਚ ਸ਼ਾਮਲ ਜੱਥੇਬੰਦੀਆਂ ਵਿਚਕਾਰ ਭਰੋਸੇ ਨੂੰ ਸੱਟ ਮਾਰਦੇ ਹਨ। ਕੰਮ ਕਾਰ ਦੇ ਅਪਣਾਏ ਗਏ ਅਜਿਹੇ ਢੰਗ ਤਰੀਕਿਆਂ ਕਰਕੇ ਹੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ (AIKSCC)ਦਾ ਪੰਜਾਬ ਚੈਪਟਰ ਡਾਕਟਰ ਦਰਸ਼ਨ ਪਾਲ ਅਤੇ ਜੋਗਿੰਦਰ ਯਾਦਵ ਨੂੰਆਪਣਾ ਆਗੂ ਮੰਨਣ ਤੋਂ ਇਨਕਾਰੀ ਹੈ।
ਪ੍ਰਧਾਨ-ਮੰਤਰੀ ਨੂੰ ਪੱਤਰ ਲਿਖਣ ਦਾ ਫੈਸਲਾ ਅੰਦੋਲਨ ਲਈ ਬੁਨਿਆਦੀ ਮਹੱਤਤਾ ਦਾ ਸੁਆਲ ਹੈ। ਅਸੀਂ ਸਮਝਦੇ ਹਾਂ ਕਿ ਅਜਿਹੇ ਬੁਨਿਆਦੀ ਸਵਾਲਾਂ ਉਪਰ ਫੈਸਲਾ 9 ਮੈਂਬਰਾਂ ਦੀ ਥਾਂ SKM ਦੀ ਮੀਟਿੰਗ ਵਿੱਚ ਜਮਹੂਰੀ ਤਰੀਕੇ ਨਾਲ ਹੋਣਾ ਚਾਹੀਦਾ ਸੀ।ਇਨ੍ਹਾਂ ਮੁੱਦਿਆਂ ਨੂੰ ਵਿਚਾਰਨ ਲਈ ਪੰਜਾਬ ਦੀਆਂ 32 ਜਥੇਬੰਦੀਆਂ ਅਤੇੇ SKM ਦੀ ਮੀਟਿੰਗ ਤੁਰੰਤ ਸੱਦੀ ਜਾਵੇ।ਉਪਰੋਕਤ ਸਮਝਦਾਰੀ ਰੱਖਦਿਆਂ ਅਸੀਂ ਅੰਦੋਲਨ ਨੂੰ ਜਿੱਤ ਤੱਕ ਲਿਜਾਣ ਲਈਪ੍ਰਤੀਬੱਧਤਾ ਨਾਲ ਯਤਨਸ਼ੀਲ ਰਹਿਣ ਦਾ ਵਿਸ਼ਵਾਸ਼ ਦਵਾਉਂਦੇ ਹਾਂ।
ਵਲੋਂ: ਬੂਟਾ ਸਿੰਘ ਬੁਰਜ਼ ਗਿੱਲ, ਨਿਰਭੈ ਸਿੰਘ ਢੁੱਡੀਕੇ,ਡਾ.ਸਤਨਾਮਸਿੰਘ ਅਜਨਾਲਾ, ਰੁਲਦੂ ਸਿੰਘ ਮਾਨਸਾ, ਬਲਦੇਵ ਸਿੰਘ ਲਤਾਲਾ,ਪੇ੍ਮ ਸਿੰਘ ਭੰਗੂ, ਬਲਦੇਵ ਸਿੰਘ ਨਿਹਾਲਗੜ੍ਹ,ਕੰਵਲਪ੍ਰੀਤ ਸਿੰਘ ਪੰਨੂ,ਹਰਦੇਵ ਸਿੰਘ ਸੰਧੂ, ਕਿਰਨਜੀਤ ਸਿੰਘ ਸੇਖੋ ਅਤੇ ਹਰਜਿੰਦਰ ਸਿੰਘ ਟਾਂਡਾ,