ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਦੇ ਮੁੱਦੇ ਬਾਰੇ ਇੱਕ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਭਾਰਤ ਸਰਕਾਰ ਇਹ ਕਹਿੰਦੀ ਆ ਰਹੀ ਹੈ ਕਿ ਅਸੀਂ ਖੇਤੀਬਾੜੀ ਨਾਲ ਜੁੜੇ ਕਿਸੇ ਵੀ ਵਿਸ਼ੇ ‘ਤੇ ਵਿਸਤਾਰਪੂਰਵਕ ਚਰਚਾ ਕਰਨ ਲਈ ਤਿਆਰ ਹਾਂ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਬਾਰੇ ਚਰਚਾ ਦੀ ਮੰਗ ਨੂੰ ਅੱਜ ਰਾਜ ਸਭਾ ਵਿੱਚ ਸਵੀਕਾਰ ਕਰ ਲਿਆ ਗਿਆ। ਜਿਵੇਂ ਹੀ ਚਰਚਾ ਸ਼ੁਰੂ ਹੋਈ, ਕਾਂਗਰਸ, ਆਪ ਅਤੇ ਟੀਐਮਸੀ ਨੇ ਗੈਰ ਲੋਕਤੰਤਰੀ ਰਵੱਈਆ ਅਪਣਾਇਆ।
ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਾਂਗਰਸ ਇਸ ਤੱਥ ਨੂੰ ਹਜ਼ਮ ਕਰਨ ਵਿੱਚ ਅਸਮਰੱਥ ਹੈ ਕਿ ਨਵੀਂ ਸਰਕਾਰ ਦੀਆਂ ਨੀਤੀਆਂ ਕਾਰਨ ਕਿਸਾਨ ਖੁਸ਼ਹਾਲ ਹੋ ਰਹੇ ਹਨ। ਰਾਜ ਸਭਾ ਵਿੱਚ ਚਰਚਾ ਦੌਰਾਨ ਕਾਂਗਰਸ ਅਤੇ ਟੀਐਮਸੀ ਦੇ ਰਵੱਈਏ ਨੇ ਲੋਕਤੰਤਰ ਨੂੰ ਵੱਡਾ ਝਟਕਾ ਦਿੱਤਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਵਿੱਚ ਕੁਝ ਵੀ ਕਾਲਾ ਨਹੀਂ ਹੈ। ਕਾਲਾ ਸਿਰਫ ਵਿਰੋਧੀ ਨੇਤਾਵਾਂ ਦੇ ਕੱਪੜਿਆਂ ਵਿੱਚ ਹੀ ਵੇਖਿਆ ਜਾ ਸਕਦਾ ਹੈ।
ਸੰਸਦ ਦਾ ਮੌਜੂਦਾ ਮਾਨਸੂਨ ਸੈਸ਼ਨ ਸ਼ੁਰੂਆਤ ਤੋਂ ਹੀ ਹੰਗਾਮੇ ਦੀ ਭੇਂਟ ਚੜਿਆ ਹੋਇਆ ਹੈ।ਵਿਰੋਧੀ ਪੇਗਾਸਸ, ਖੇਤੀ ਕਾਨੂੰਨੀ ਦੇ ਮੁੱਦੇ ‘ਤੇ ਚਰਚਾ ਕਰਨ ਨੂੰ ਲੈ ਕੇ ਅੜਿਆ ਹੋਇਆ ਹੈ।ਅੱਜ ਭਾਵ ਮੰਗਲਵਾਰ ਨੂੰ ਵੀ ਰਾਜਸਭਾ ‘ਚ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵਿਰੋਧ ਦਾ ਜ਼ੋਰਦਾਰ ਹੰਗਾਮਾ ਦੇਖਿਆ ਗਿਆ।ਅਜਿਹੇ ‘ਚ ਰਾਜਸਭਾ ਦੀ ਕਾਰਵਾਈ ਕਈ ਵਾਰ ਭੰਗ ਹੋਈ ਅਤੇ ਆਖਿਰਕਾਰ ਬੁੱਧਵਾਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ।