ਅਦਾਕਾਰਾ ਪਾਇਲ ਰੋਹਤਗੀ ਦੇ ਖਿਲਾਫ ਪੁਣੇ ਵਿੱਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਖਿਲਾਫ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਲਈ ਮਾਮਲਾ ਦਰਜ ਕੀਤਾ ਗਿਆ ਹੈ। ਦਰਅਸਲ, ਪਾਇਲ ਰੋਹਤਗੀ ਨੇ ਇੱਕ ਵੀਡੀਓ ਵਿੱਚ ਇਨ੍ਹਾਂ ਲੋਕਾਂ ਬਾਰੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਇਨ੍ਹਾਂ ਦੇ ਖ਼ਿਲਾਫ਼ ਧਾਰਾ 153 ਏ, 500, 505 (2) ਅਤੇ 34 ਆਈਪੀਸੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਮੋਤੀ ਲਾਲ ਨਹਿਰੂ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ, ਜਿਸ ਬਾਰੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਪਾਇਲ ਨੇ ਇੱਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਸੀ, ‘ਮੈਨੂੰ ਲਗਦਾ ਹੈ ਕਿ ਕਾਂਗਰਸ ਪਰਿਵਾਰ ਤਿੰਨ ਤਲਾਕ ਦੇ ਵਿਰੁੱਧ ਸੀ ਕਿਉਂਕਿ ਮੋਤੀ ਲਾਲ ਨਹਿਰੂ ਦੀਆਂ ਪੰਜ ਪਤਨੀਆਂ ਸਨ। ਨਾਲ ਹੀ ਮੋਤੀ ਲਾਲ ਜਵਾਹਰ ਲਾਲ ਨਹਿਰੂ ਦੇ ਮਤਰੇਏ ਪਿਤਾ ਸਨ। ਉਸਨੇ ਆਪਣੇ ਦਾਅਵੇ ਦੇ ਪਿੱਛੇ ਏਲੇਨਾ ਰਾਮਕ੍ਰਿਸ਼ਨ ਦੀ ਜੀਵਨੀ ਦਾ ਹਵਾਲਾ ਦਿੱਤਾ। ਉਸ ਦੇ ਇਸ ਵੀਡੀਓ ਨੂੰ ਲੈ ਕੇ ਕਾਫੀ ਹੰਗਾਮਾ ਹੋਣ ਤੋਂ ਬਾਅਦ ਰਾਜਸਥਾਨ ਪੁਲਿਸ ਨੇ ਆਈਟੀ ਐਕਟ ਦੀ ਧਾਰਾ 66 ਅਤੇ 67 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਕਿ ਪਾਇਲ ਮੁਸੀਬਤ ਵਿੱਚ ਹੈ ਜਾਂ ਉਸਦੇ ਵਿਵਾਦਤ ਬਿਆਨ ਦੇ ਕਾਰਨ ਉਸਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਮੌਕਿਆਂ ‘ਤੇ ਗ੍ਰਿਫਤਾਰ ਹੋ ਚੁੱਕੀ ਹੈ। ਕੁਝ ਮਹੀਨਿਆਂ ਪਹਿਲਾਂ ਪਾਇਲ ਨੂੰ ਸੋਸਾਇਟੀ ਦੇ ਚੇਅਰਮੈਨ ਨਾਲ ਬਦਸਲੂਕੀ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ‘ਚ ਉਸ ਨੂੰ ਜ਼ਮਾਨਤ’ ਤੇ ਰਿਹਾਅ ਕਰ ਦਿੱਤਾ ਗਿਆ।