ਵੱਖ-ਵੱਖ ਸ਼ਹਿਰਾਂ ‘ਚ ਕਿਸਾਨ ਅਕਸ਼ੈ ਕੁਮਾਰ ਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਵਿਰੋਧ ਕਰ ਰਹੇ ਹਨ।ਖੇਤੀ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਸੰਘਰਸ਼ ਦੇ ਚਲਦਿਆਂ ਕਿਸਾਨ ਅਕਸ਼ੈ ਕੁਮਾਰ ਦੀ ਫਿਲਮ ਦਾ ਬਾਈਕਾਟ ਕਰ ਰਹੇ ਹਨ।ਇੰਨਾ ਹੀ ਨਹੀਂ ਸ਼ਹਿਰ ‘ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਸਿਨੇਮਾ ਮਾਲ ਦੇ ਅੱਗੇ ਸੂਰੀਆਵੰਸ਼ੀ ਫਿਲਮ ਦੇ ਪੋਸਟਰ ਪਾੜ ਕੇ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਿਸਾਨੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਫਿਲਮ ਕਲਾਕਾਰ ਅਕਸ਼ੇ ਕੁਮਾਰ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਜਿਸ ਕਾਰਨ ਉਹ ਅਕਸ਼ੇ ਕੁਮਾਰ ਦੀ ਫਿਲਮ ਦਾ ਬਾਈਕਾਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਸ਼ੈ ਕੁਮਾਰ ਹੁਣ ਤੱਕ ਪੰਜਾਬੀਆਂ ਅਤੇ ਸਿੱਖਾਂ ਦੇ ਕਿਰਦਾਰ ਨਿਭਾ ਕੇ ਕਰੋੜਾਂ ਰੁਪਏ ਕਮਾ ਚੁੱਕੇ ਹਨ। ਜਦੋਂ ਪੰਜਾਬ ਦੇ ਲੋਕਾਂ ਨਾਲ ਖੜ੍ਹਨ ਦਾ ਸਮਾਂ ਆਇਆ ਤਾਂ ਉਹ ਪੰਜਾਬ ਦੇ ਲੋਕਾਂ ਦੇ ਉਲਟ ਸਰਕਾਰ ਲਈ ਖੜ੍ਹੇ ਹੋਏ। ਉਨ੍ਹਾਂ ਦੇ ਇਸ ਕਦਮ ਕਾਰਨ ਕਿਸਾਨ ਅਕਸ਼ੇ ਕੁਮਾਰ ਦੀਆਂ ਫਿਲਮਾਂ ਦਾ ਬਾਈਕਾਟ ਕਰ ਰਹੇ ਹਨ।
ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਇਸ ਮੌਕੇ ਓਸ਼ੀਅਨ ਮਾਲ ਦੇ ਮੈਨੇਜਰ ਨਵੀਨ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਕਿਸਾਨਾਂ ਵੱਲੋਂ ਅਕਸ਼ੈ ਕੁਮਾਰ ਦੀ ਫਿਲਮ ਦੇ ਵਿਰੋਧ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਫਿਲਮ ਨੂੰ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ। ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ।